ਜਿਲ੍ਹਾ ਸਿਹਤ ਸੋਸਾਇਟੀ ਦੀ ਮਹੀਨਾਵਾਰ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਦੀ ਸਮੀਖਿਆ

ਕੋਵਿਡ ਵੈਕਸੀਨੇਸ਼ਨ, ਪੀ. ਐਨ. ਡੀ. ਟੀ. ਪ੍ਰੋਗਰਾਮ, ਯੂ. ਡੀ. ਆਈ. ਡੀ. ਅਤੇ ਹੋਰ ਸਿਹਤ ਸਕੀਮਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ 
ਤਰਨ ਤਾਰਨ, 13 ਜਨਵਰੀ :
ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜ਼ਿਲਾ ਸਿਹਤ ਸੋਸਾਇਟੀ ਦੀ ਮਹੀਨਾਵਾਰ ਮੀਟਿੰਗ ਦੌਰਾਨ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ ।ਇਸ ਮੌਕੇ ਉਹਨਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਰਕਾਰ ਵੱਲੋਂ ਆਮ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ‘ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱੱਕਤ ਨਹੀਂ ਆਉਣੀ ਚਾਹੀਦੀ। ਉਨ੍ਹਾਂ ਵੱਲੋਂ ਕੋਵਿਡ ਵੈਕਸੀਨੇਸ਼ਨ, ਪੀ. ਐਨ. ਡੀ. ਟੀ. ਪ੍ਰੋਗਰਾਮ, ਯੂ. ਡੀ. ਆਈ. ਡੀ. ਪ੍ਰੋਗਰਾਮ, ਤੰਬਾਕੂ ਕੰਟਰੋਲ ਪ੍ਰੋਗਰਾਮ, ਤੰਦਰੁਸਤ ਪੰਜਾਬ ਸਿਹਤ ਮਿਸ਼ਨ, ਟੀਕਾਕਰਣ ਪ੍ਰੋਗਰਾਮ, ਆਯੁਸ਼ਮਾਨ ਭਾਰਤ ਸਰਬਤ ਸਿਹਤ ਯੋਜਨਾ, ਨੈਸ਼ਨਲ ਵੈਕਟਰ ਬੌਰਨ ਡਿਜੀਜ਼ ਕੰਟਰੋਲ ਪ੍ਰੋਗਰਾਮ ਅਤੇ ਹੋਰ ਸਿਹਤ ਸਕੀਮਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ।
ਉਹਨਾਂ ਕਿਹਾ ਕਿ ਦਿਵਿਯਾਂਗ ਵਿਅਕਤੀਆਂ ਲਈ ਚਲਾਏ ਗਏ ਯੂ. ਡੀ. ਆਈ. ਡੀ. ਪ੍ਰੋਜੈਕਟ ਅਤੇ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਦਾ ਲਾਭ ਵੱਧ ਤੋਂ ਵੱਧ ਲਾਭਪਾਤਰੀਆਂ ਤੱਕ ਪਹੁੰਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਟੀਕਾਕਰਣ ਪ੍ਰੋਗਰਾਮ ਬਾਰੇ ਕਿਹਾ ਕਿ ਕੋਈ ਵੀ ਬੱਚਾ ਟੀਕਾਕਰਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।ਉਨ੍ਹਾਂ ਕੋਟਪਾ ਐਕਟ ਤਹਿਤ ਗਤੀਵਿਧੀਆਂ ਨੂੰ ਹੋਰ ਵੀ ਤੇਜ਼ ਕਰਨ ‘ਤੇ ਜ਼ੋਰ ਦਿੱਤਾ ਤੇ ਕਿਹਾ ਕਿ ਲੋਕਾਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਏ।