ਪੰਜਾਬ ਸਰਕਾਰ ਵੱਲੋਂ ਚੰਗੀ ਹਾਲਤ ਦੇ ਵਰਤੇ ਬਾਰਦਾਨੇ ਦੀ ਮੁੜ ਵਰਤੋਂ ਦੀ ਮਨਜ਼ੂਰੀ ਨਾਲ ਆੜ੍ਹਤੀਆਂ ਤੇ ਖ਼ਰੀਦ ਏਜੰਸੀਆਂ ਦੇ ਚਿਹਰਿਆਂ ‘ਤੇ ਰੌਣਕ ਪਰਤੀ

-ਵੱਖ-ਵੱਖ ਖ਼ਰੀਦ ਏਜੰਸੀਆਂ ਨੂੰ ਬਾਰਦਾਨੇ ਦੀ ਵੰਡ ਸਬੰਧੀ ਹਦਾਇਤਾਂ ਜਾਰੀ : ਡੀ.ਐਫ.ਐਸ.ਸੀ.
-ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨਾਲ ਵਰਤੇ ਬਾਰਦਾਨੇ ਦੀ ਮੁੜ ਵਰਤੋਂ ਸਬੰਧੀ ਕੀਤੀ ਮੀਟਿੰਗ
 
ਪਟਿਆਲਾ, 19 ਅਪ੍ਰੈਲ:
ਪੰਜਾਬ ਸਰਕਾਰ ਵੱਲੋਂ ਹਾੜ੍ਹੀ ਦੇ ਚੱਲ ਰਹੇ ਸੀਜ਼ਨ ਦੌਰਾਨ ਕਣਕ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਚੰਗੀ ਹਾਲਤ ਦੇ ਵਰਤੇ ਬਾਰਦਾਨੇ ਦੀ ਮੁੜ ਵਰਤੋਂ ਦੀ ਮਨਜ਼ੂਰੀ ਦੇ ਫੈਸਲੇ ਨਾਲ ਆੜ੍ਹਤੀਆਂ ਤੇ ਖ਼ਰੀਦ ਏਜੰਸੀਆਂ ਦੇ ਚਿਹਰਿਆਂ ‘ਤੇ ਰੌਣਕ ਪਰਤ ਆਈ ਹੈ। ਜ਼ਿਕਰਯੋਗ ਹੈ ਕਿ ਮੰਡੀਆਂ ‘ਚ ਇਕਦਮ ਹੋਈ ਭਾਰੀ ਮਾਤਰਾ ‘ਚ ਕਣਕ ਦੀ ਆਮਦ ਕਾਰਨ ਬਾਰਦਾਨੇ ਦੀ ਹੋਈ ਕਮੀ ਨੂੰ ਦੂਰ ਕਰਨ ਲਈ ਸੂਬਾ ਸਰਕਾਰ ਵੱਲੋਂ ਇਹ ਪ੍ਰਵਾਨਗੀ ਦਿੱਤੀ ਗਈ ਹੈ।
ਅੱਜ ਇਸ ਸਬੰਧੀ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਹਰਸ਼ਰਨਜੀਤ ਸਿੰਘ ਵੱਲੋਂ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨਾਲ ਮੀਟਿੰਗ ਕਰਕੇ ਵਰਤੇ ਬਾਰਦਾਨੇ ਦੀ ਮੁੜ ਵਰਤੋਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਡੀ.ਐਫ.ਐਸ.ਸੀ. ਵੱਲੋਂ ਖ਼ਰੀਦ ਏਜੰਸੀਆਂ ‘ਚ ਬਾਰਦਾਨੇ ਦੀ ਵੰਡ ਸਬੰਧੀ ਸਮੀਖਿਆ ਕੀਤੀ ਗਈ ਅਤੇ ਹਦਾਇਤ ਕੀਤੀ ਗਈ ਕਿ ਖ਼ਰੀਦ ਏਜੰਸੀਆਂ ਬਾਰਦਾਨੇ ਦੀ ਪਟਿਆਲਾ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ‘ਚ ਵੰਡ ਕਰਨੀ ਯਕੀਨੀ ਬਣਾਉਣ ਅਤੇ ਆੜ੍ਹਤੀਆਂ ਨਾਲ ਤਾਲਮੇਲ ਕਰਕੇ ਬਾਰਦਾਨਾ ਉਪਲਬਧ ਕਰਵਾਇਆ ਜਾਵੇ ਤਾਂ ਜੋ ਕਿਸਾਨਾਂ ਦੀ ਜਿਣਸ ਦੀ ਸਮੇਂ ਸਿਰ ਖ਼ਰੀਦ ਕੀਤੀ ਜਾ ਸਕੇ।
ਪੰਜਾਬ ਸਰਕਾਰ ਵੱਲੋਂ ਵਰਤੇ ਬਾਰਦਾਨੇ ਦੀ ਮੁੜ ਵਰਤੋਂ ਦੇ ਫੈਸਲੇ ਦੀ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਆ ਇਹ ਫੈਸਲਾ ਸਹੀ ਹੈ ਕਿਉਂਕਿ ਪਿੱਛੇ ਤੋਂ ਹੀ ਨਵੇਂ ਬਾਰਦਾਨੇ ਦੀ ਘੱਟ ਆਮਦ ਕਾਰਨ ਕਣਕ ਦੀ ਖ਼ਰੀਦ ‘ਤੇ ਵੀ ਅਸਰ ਪੈ ਰਿਹਾ ਸੀ ਅਤੇ ਮੌਸਮ ਦੇ ਬਦਲਦੇ ਮਿਜ਼ਾਜ ਕਾਰਨ ਮੰਡੀਆਂ ‘ਚ ਪਈ ਫ਼ਸਲ ਖ਼ਰਾਬ ਹੋਣ ਦਾ ਡਰ ਵੀ ਸੀ ਪਰ ਹੁਣ ਸਰਕਾਰ ਵੱਲੋਂ ਲਏ ਫੈਸਲੇ ਸਦਕਾ ਕਿਸਾਨਾਂ ਅਤੇ ਆੜ੍ਹਤੀਆਂ ਦੇ ਚਿਹਰੇ ਵੀ ਖਿੜ ਗਏ ਹਨ।