ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਦੇ ਪਹਿਲੇ ਦਿਨ ਜ਼ਿਲ੍ਹਾ ਤਰਨਤਾਰਨ ਦੇ ਮਾਪਿਆਂ ਵਿੱਚ ਉਤਸ਼ਾਹ

ਪੰਜਾਬ ਪ੍ਰਾਪਤੀ ਸਰਵੇਖਣ ਦਾ ਮੁਲਾਂਕਣ ਤੇ ਮਿਸ਼ਨ ਸ਼ਤ-ਪ੍ਰਤੀਸ਼ਤ `ਤੇ ਹੋਈ ਚਰਚਾ
ਤਰਨ ਤਾਰਨ, 27 ਨਵੰਬਰ : 
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਬਾਰੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਣਕਾਰੀ ਦੇਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ 26 ਤੋਂ 28 ਨਵੰਬਰ ਤੱਕ ਮਾਪੇ-ਅਧਿਆਪਕ ਮਿਲਣੀ ਆਯੋਜਿਤ ਕੀਤੀ ਜਾ ਰਹੀ ਹੈ। ਜਿਸ ਤਹਿਤ ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਉਤਸ਼ਾਹ ਨੂੰ ਵਾਚਣ ਲਈ ਸ਼੍ਰੀ ਸੁਸ਼ੀਲ ਕੁਮਾਰ ਜੀ,ਜਿਲ੍ਹਾ ਸਿੱਖਿਆ ਅਫਸਰ (ਐ.) ਤਰਨਤਾਰਨ ਤੇ ਪਰਮਜੀਤ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ (ਐਲੀ.) ਤਰਨਤਾਰਨ ਨੇ ਵਿਸ਼ੇਸ਼ ਤੌਰ ਤੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦਾ ਪ੍ਰੇਰਣਾਦਾਇਕ ਦੌਰਾ ਕੀਤਾ।
ਇਸ ਦੌਰਾਨ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਦੇ ਮੁਲਾਂਕਣ ਲਈ 11 ਨਵੰਬਰ ਤੋਂ ਪੰਜਾਬ ਪ੍ਰਾਪਤੀ ਸਰਵੇਖਣ ਸ਼ੁਰੂ ਕੀਤਾ ਗਿਆ ਸੀ। ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਰਵੇਖਣ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਉਪਰੰਤ ਬੱਚਿਆਂ ਦੇ ਮਾਪਿਆਂ ਨਾਲ ਇਹਨਾਂ ਮਾਪੇ-ਅਧਿਆਪਕ ਮਿਲਣੀਆਂ ਦੌਰਾਨ ਸਾਂਝਾ ਕੀਤਾ ਜਾ ਰਿਹਾ ਹੈ।
ਸ੍ਰੀ ਪਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨਤਾਰਨ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸ਼ਨ ਸ਼ਤ-ਪ੍ਰਤੀਸ਼ਤ-2021, ਸਕੂਲਾਂ ਵਿੱਚ ਬਣੇ ਇੰਗਲਿਸ਼ ਬੂਸਟਰ ਕਲੱਬਾਂ ਵਿੱਚ ਬੱਚਿਆਂ ਦੀ ਮੈਂਬਰਸ਼ਿਪ, ਇਮਤਿਹਾਨਾਂ ਦੀ ਤਿਆਰੀ ਲਈ ਅਗਵਾਈ, ਆਨ-ਲਾਈਨ ਸਿੱਖਿਆ ਜਿਵੇਂ ਕਿ ਟੈਲੀਵਿਜ਼ਨ, ਪੰਜਾਬ ਐਜੂਕੇਅਰ ਐਪ, ਰੇਡੀਓ ਕਲਾਸਰੂਮ ਅਤੇ ਹੋਰ ਸੋਸ਼ਲ ਮੀਡੀਆ ਪੋਰਟਲਾਂ ਰਾਹੀਂ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨਾਲ ਮਾਪਿਆਂ ਵਿੱਚ ਬਹੁਤ ਖੁਸ਼ੀ ਅਤੇ ਤਸੱਲੀ ਜਤਾਈ ਹੈ।
ਬਲਾਕ ਚੋਹਲਾ ਸਾਹਿਬ ਵਿਜ਼ਟ ਦੌਰਾਨ ਉਹਨਾਂ ਵੱਲੋਂ ਸਪਸ ਠੱਠੀਆਂ ਮਹੰਤਾਂ, ਸਪਸ ਕਿੜੀਆਂ, ਸਪਸ ਸਰਹਾਲੀ ਕਲਾਂ ਲੜਕੇ ਅਤੇ ਬੀਪੀਈਓ ਦਫ਼ਤਰ ਚੋਹਲਾ ਸਾਹਿਬ ਵਿਜ਼ਟ ਕੀਤਾ ਗਿਆ ਅਤੇ ਬੀਪੀਈਓ ਚੋਹਲਾ ਸਾਹਿਬ ਜਸਵਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤੇ ਖੁਸ਼ੀ ਪ੍ਰਗਟ ਕੀਤੀ।ਸਪਸ ਸਰਹਾਲੀ ਕਲਾਂ (ਕੰਨਿਆਂ) ਵਿਜ਼ਟ ਦੌਰਾਨ ਡੀਈਓ ਸਾਹਿਬਾਨ ਨੇ ਮਾਪਿਆਂ ਤੋਂ ਸਿੱਖਿਆ ਨਾਲ ਸਬੰਧਤ ਵਿਸ਼ਿਆਂ ਤੇ ਉਹਨਾਂ ਦੇ ਵਿਚਾਰ ਸੁਣੇ ਅਤੇ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਨਿਵਾਸੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਇਹਨਾਂ ਉਪਰਾਲਿਆਂ ਦਾ ਹਰ ਕਿਸੇ ਨੂੰ ਜ਼ਰੂਰ ਲਾਭ ਲੈਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਿਵਾਉਣੀ ਚਾਹੀਦੀ ਹੈ।ਇਸ ਤੋਂ ਇਲਾਵਾ ਉਹਨਾਂ ਕਿਹਾ  ਕਿ ਮਾਪੇ-ਅਧਿਆਪਕ ਮਿਲਣੀਆਂ ਸਮੇਂ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।