2.79 ਲੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਲੈ ਚੁੱਕੇ ਹਨ 10 ਮੁਕਾਬਲਿਆਂ ‘ਚ ਹਿੱਸਾ
ਤਰਨ ਤਾਰਨ, 22 ਨਵੰਬਰ :
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਆਖਰੀ ਪ੍ਰਤੀਯੋਗਤਾ ਦਸਤਾਰਬੰਦੀ 23 ਨਵੰਬਰ ਤੋਂ ਆਰੰਭ ਹੋਵੇਗੀ।
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਰਾਜ ਸਿੱਖਿਆ, ਸਿਖਲਾਈ ਤੇ ਖੋਜ ਪ੍ਰੀਸ਼ਦ ਪੰਜਾਬ ਵੱਲੋਂ ਆਯੋਜਿਤ ਇੰਨ੍ਹਾਂ ਮੁਕਾਬਲਿਆਂ ਦੀਆਂ ਹੁਣ ਤੱਕ 10 ਪ੍ਰਤੀਯੋਗਤਾਵਾਂ ਹੋ ਚੁੱਕੀਆਂ ਹਨ, ਜਿੰਨ੍ਹਾਂ ‘ਚ ਵਿੱਚ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ 2.79 ਲੱਖ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ ਹੈ।
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਹੋ ਰਹੇ ਮੁਕਾਬਲਿਆਂ ‘ਚ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.) ਸਤਨਾਮ ਸਿੰਘ ਬਾਠ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਵਰਿੰਦਰ ਕੁਮਾਰ ਪਰਾਸ਼ਰ ਨੇ ਦੱਸਿਆ ਕਿ ਦਸਤਾਰਬੰਦੀ ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ 23 ਤੋਂ 27 ਨਵੰਬਰ ਰਾਤ 12 ਵਜੇ ਤੱਕ ਦਸਤਾਰਬੰਦੀ ਦੀਆਂ ਤਸਵੀਰਾਂ/ਵੀਡੀਓ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ‘ਤੇ ਅਪਲੋਡ (ਪਬਲਿਕ ਲਈ) ਕਰ ਸਕਦੇ ਹਨ। 28 ਨਵੰਬਰ ਨੂੰ ਵੱਖ-ਵੱਖ ਸਕੂਲਾਂ ਦੇ ਕੇਵਲ ਪਹਿਲੇ ਸਥਾਨ ‘ਤੇ ਰਹਿਣ ਵਾਲੇ ਪ੍ਰਤੀਯੋਗੀਆਂ ਦੀਆਂ ਤਸਵੀਰਾਂ/ਵੀਡੀਓਜ਼ ਦੇ ਲਿੰਕ ਅਤੇ ਬਾਕੀ ਪ੍ਰਤੀਯੋਗੀਆਂ ਦੇ ਵੇਰਵੇ ਸਬੰਧਤ ਸਕੂਲ ਮੁਖੀ ਤੇ ਅਧਿਆਪਕ ਵਿਭਾਗ ਦੀ ਤਕਨੀਕੀ ਟੀਮ ਵੱਲੋਂ ਦਿੱਤੇ ਗਏ ਗੂਗਲ ਫਾਰਮ ‘ਚ ਭਰਨਗੇੇ। ਇਸ ਤੋਂ ਅੱਗੇ ਬਲਾਕ, ਜਿਲ੍ਹਾ ਤੇ ਰਾਜ ਪੱਧਰੀ ਦੇ ਨਤੀਜਿਆਂ ਦੀ ਪ੍ਰਕਿਰਿਆ ਆਰੰਭ ਹੋਵੇਗੀ।
ਇਸ ਪ੍ਰਤੀਯੋਗਤਾ ਲਈ ਪ੍ਰਾਇਮਰੀ ਵਰਗ ਦੇ ਵਿਦਿਆਰਥੀ ਘੱਟ-ਘੱਟ 4 ਮੀਟਰ, ਮਿਡਲ ਤੇ ਸੈਕੰਡਰੀ ਵਰਗ ਦੇ ਪ੍ਰਤੀਯੋਗੀ ਘੱਟੋ-ਘੱਟ 6 ਮੀਟਰ ਦੀ ਦਸਤਾਰ ਸਜਾਉਣਗੇ। ਸਾਰੇ ਵਰਗਾਂ ਲਈ ਵੱਧ ਤੋਂ ਵੱਧ ਸਮਾਂ 8 ਮਿੰਟ ਹੋਵੇਗਾ। ਦਸਤਾਰ ਸਜਾਉਣ ਉਪਰੰਤ ਵੱਖ-ਵੱਖ 5 ਪਾਸਿਆਂ ਤੋਂ ਤਸਵੀਰਾਂ ਖਿੱਚ ਕੇ ਮੁਕਾਬਲੇਬਾਜੀ ਲਈ ਅੱਪਲੋਡ ਕਰਨਗੇ ਅਤੇ ਦਸਤਾਰ ਸਜਾਉਣ ਮੌਕੇ ਦੀਆਂ ਘੱਟੋ-ਘੱਟ 5 ਮਿੰਟ ਦੀ ਵੀਡੀਓ ਵੀ ਨਾਲ ਅੱਪਲੋਡ ਕੀਤੀ ਜਾਣੀ ਲਾਜ਼ਮੀ ਹੈ।
ਸ੍ਰੀ ਹਰਪਾਲ ਸਿੰਘ ਸੰਧਾਵਾਲੀਆ, ਉਪ ਜਿਲ੍ਹਾ ਸਿੱਖਿਆ ਅਫ਼ਸਰ (ਸ) ਤਰਨਤਾਰਨ ਅਤੇ ਪਰਮਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਤਰਨਤਾਰਨ ਨੇ ਕਿਹਾ ਕਿ ਪਿਛਲੇ ਮੁਕਾਬਲਿਆਂ ਵਾਂਗ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਦਸਤਾਰਬੰਦੀ ਪ੍ਰਤੀਯੋਗਤਾ ‘ਚ ਵੀ ਪੂਰੇ ਉਤਸ਼ਾਹ ਨਾਲ ਹਿੱਸਾ ਲੈਣਗੇ। ਉਹਨਾਂ ਦੱਸਿਆ ਕਿ ਇਸ ਮੁਕਾਬਲੇ ਸਬੰਧੀ ਹਦਾਇਤਾਂ ਸਮੂਹ ਸਕੂਲਾਂ ਤੱਕ ਪਹਿਲਾਂ ਹੀ ਪਹੁੰਚ ਚੁੱਕੀਆਂ ਹਨ ਅਤੇ ਵਿਦਿਆਰਥੀਆਂ ਵਿੱਚ ਵਿਭਾਗ ਵੱਲੋਂ ਕਰਵਾਏ ਜਾ ਰਹੇ ਇਸ ਨਿਵੇਕਲੇ ਮੁਕਾਬਲੇ ਲਈ ਵਿਦਿਆਰਥੀਆਂ ਵਿੱਚ ਚੋਖਾ ਉਤਸ਼ਾਹ ਪਾਇਆ ਜਾ ਰਿਹਾ ਹੈ।

English





