ਕੇਂਦਰ ਨਾਲ ਗੰਢਤੁੱਪ ਕਾਰਨ ਕਾਂਗਰਸ ਸਰਕਾਰ ਵਿਸ਼ੇਸ਼ ਸੈਸ਼ਨ ਲਈ ਤਜਵੀਜ਼ਸ਼ੁਦਾ ਕਾਨੂੰਨ ਦੇ ਵੇਰਵਿਆਂ ਦਾ ਖੁੱਲ੍ਹਾਸਾ ਨਹੀਂ ਕਰ ਰਹੀ : ਅਕਾਲੀ ਦਲ

ਜੇਕਰ ਤਜਵੀਜ਼ਸ਼ੁਦਾ ਕਾਨੂੰਨ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ 2004 ਵਿਚ ਹਰਿਆਣਾ ਨੂੰ ਖੁੱਲ੍ਹਾ ਪਾਣੀ ਦੇਣ ਲਈ ਬਣਾਏ ਦਰਿਆਈ ਪਾਣੀਆਂ ਦੇ ਸਮਝੌਤੇ ਰੱਦ ਕਰਨ ਦੇ ਐਕਟ ਵਾਂਗ ਹੀ ਪਾਸ ਕੀਤਾ ਗਿਆ ਤਾਂ ਫਿਰ ਪੰਜਾਬ ਹਾਰ ਜਾਵੇਗਾ : ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ, 17 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਤੇ ਕੇਂਦਰ ਸਰਕਾਰ ਵਿਚਾਲੇ ਸਪਸ਼ਟ ਗੰਢਤੁੱਪ ਹੈ ਜਿਸ ਕਾਰਨ ਪੰਜਾਬ ਸਰਕਾਰ ਵਿਧਾਨ ਸਭਾ ਦੇ 19 ਅਕਤੂਬਰ ਨੂੰ ਹੋ ਰਹੇ ਵਿਸ਼ੇਸ਼ ਸੈਸ਼ਨ ਵਿਚ ਲਿਆਏ ਜਾਣ ਵਾਲੇ ਕਾਨੂੰਨ ਦੇ ਵੇਰਵਿਆਂ ਦਾ ਖੁੱਲ੍ਹਾਸਾ ਨਹੀਂ ਕਰ ਰਹੀ।

ਤਜਵੀਜ਼ਸ਼ੁਦਾ ਕਾਨੂੰਨ ਦੇ ਵੇਰਵੇ ਛੁਪਾਉਣ ਲਈ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਨੇ ਅੱਜ ਮੰਗ ਕੀਤੀ ਕਿ  ਸਾਰੀ ਦੀ ਸਾਰੀ ਤਜਵੀਜ਼ ਦਾ ਜਨਤਕ ਤੌਰ ’ਤੇ ਖੁੱਲ੍ਹਾਸਾ ਕੀਤਾ ਜਾਵੇ ਤਾਂ ਜੋ ਜਿਹਨਾਂ ਦੇ ਹਿੱਤ ਪ੍ਰਭਾਵਤ ਹੁੰਦੇ ਹਨ, ਉਹ ਇਸ ਵਿਚ ਤਬਦੀਲੀ ਲਈ ਸੁਝਾਅ ਦੇ ਸਕਣ।ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ  ਸ੍ਰੀ ਬਿਕਰਮ  ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਸਰਕਾਰ ਇਸ ਤਜਵੀਜ਼ ਨੂੰ ਸੋਸ਼ਲ ਮੀਡੀਆ ਅਤੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ’ਤੇ ਜਾਰੀ ਕਰਕੇ ਸੁਝਾਅ ਮੰਗੇਗੀ ਤਾਂ ਹੀ ਪੰਜਾਬ ਦੀਆਂ ਭਵਿੱਖੀ ਪੀੜ੍ਹੀਆਂ ਨੂੰ ਬਚਾਉਣ ਲਈ ਇਕ ਸਹੀ ਕੇਸ ਤਿਆਰ ਕੀਤਾ ਜਾ ਸਕੇਗਾ। ਉਹਨਾਂ ਕਿਹਾ ਕਿ ਤਜਵੀਜ਼ਸ਼ੁਦਾ ਬਿੱਲ ਸਾਰੇ ਤਿੰਨ ਕਰੋੜ ਪੰਜਾਬੀਆਂ ਦਾ ਹੋਣਾ ਚਾਹੀਦਾ ਹੈ। ਪੰਜਾਬ ਅਤੇ ਪੰਜਾਬੀਆਂ ਨੂੰ ਇਸ ਮੁੱਦੇ ’ਤੇ ਇਕਜੁੱਟ ਹੋ ਕੇ ਜਿੱਤ ਮਿਲਣੀ ਚਾਹੀਦੀ ਹੈ।