ਸਮਾਰਟ ਵਿਲੇਜ ਮੁਹਿੰਮ” ਫੇਸ-2 ਤਹਿਤ ਜ਼ਿਲ੍ਹੇ ਦੇ ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ ਕਰਵਾਏ ਜਾਣਗੇ ਵਿਕਾਸ ਕਾਰਜ-ਡਿਪਟੀ ਕਮਿਸ਼ਨਰ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ 17 ਅਕਤੂਬਰ ਨੂੰ ਵਰਚੂਅਲ ਵਿਧੀ ਰਾਹੀਂ ਕਰਵਾਈ ਜਾਵੇਗੀ ਸ਼ੁਰੂਆਤ
ਤਰਨ ਤਾਰਨ, 16 ਅਕਤੂਬਰ :
ਪੰਜਾਬ ਸਰਕਾਰ ਵੱਲੋ ਰਾਜ ਦੇ ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ ਚੁੱਕੇ ਜਾ ਰਹੇ ਵੱਡੇ ਕਦਮਾਂ ਦੀ ਕੜੀ ਵਿੱਚ “ਸਮਾਰਟ ਵਿਲੇਜ ਮੁਹਿੰਮ” ਫੇਸ-2 ਤਹਿਤ ਪੰਜਾਬ ਦੇ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ, ਪੱਕੀਆਂ ਗਲੀਆਂ ਅਤੇ ਨਾਲੀਆ, ਪਾਰਕ, ਸਟਰੀਟ ਲਾਈਟਾਂ, ਛੱਪੜਾਂ ਦੇ ਕੰਮ, ਖੇਡ ਦੇ ਮੈਦਾਨ ਉਹ ਸਾਰੀਆਂ ਸਹੂਲਤਾਂ, ਜਿਹਨਾਂ ਨਾਲ ਪਿੰਡਾਂ  ਦੇ ਲੋਕਾਂ ਦਾ ਰਹਿਣ-ਸਹਿਣ ਪੱਧਰ ਉੱਚਾ ਉੱਠ ਸਕੇ ਅਤੇ ਪਿੰਡ ਦੇ ਲੋਕਾਂ ਨੂੰ ਪਿੰਡ ਵਿੱਚ ਹੀ ਸ਼ਹਿਰੀ ਸਹੂਲਤਾਂ ਪ੍ਰਦਾਨ ਹੋ ਸਕਣ ਆਰੰਭ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਤਰਨਤਾਰਨ ਵਿੱਚ ਜ਼ਿਲ੍ਹਾ ਪੱਧਰ ‘ਤੇ, ਸਬ-ਡਵੀਜ਼ਨ ਪੱਧਰ ‘ਤੇ ਅਤੇ ਬਲਾਕ ਪੱਧਰ ‘ਤੇ ਉਲੀਕੇ ਪ੍ਰੋਗਰਾਮਾਂ ਤੋਂ ਇਲਾਵਾ 65 ਸਥਾਨਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿੱਥੇ ਪੰਜਾਬ ਸਰਕਾਰ ਵੱਲੋ ਵਰਚੂਅਲ ਵਿਧੀ ਰਾਹੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋ ਮਿਤੀ 17 ਅਕਤੂਬਰ, 2020 ਨੂੰ ਸਵੇਰੇ 11.30 ਵਜੇ ਵੀਡਿਓ ਕਾਨਫਰੰਸ ਰਾਹੀ “ਸਮਾਰਟ ਵਿਲੇਜ ਮੁਹਿੰਮ” ਫੇਸ-2 ਤਹਿਤ ਕਰਵਾਏ ਜਾ ਰਹੇ ਕੰਮਾਂ ਦੀ ਸ਼ੁਰੂਆਤ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੌਕੇ ਰਾਜ ਅਤੇ ਕੇਂਦਰ ਪੱਧਰ ਦੇ ਪ੍ਰਮੁੱਖ ਲੀਡਰਾਂ ਦੇ ਨਾਲ-ਨਾਲ ਮਾਨਯੋਗ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ, ਜ਼ਿਲ੍ਹੇ ਦੇ ਸਮੂਹ ਵਿਧਾਇਕ, ਚੇਅਰਮੈਨ ਜਿਲ੍ਹਾ ਪ੍ਰੀਸ਼ਦ, ਜਿਲ੍ਹੇ ਪ੍ਰੀਸ਼ਦ ਦੇ ਮੈਂਬਰ, ਪੰਚਾਇਤ ਸੰਮਤੀਆਂ ਦੇ ਚੇਅਰਮੈਨ ਅਤੇ ਮੈਂਬਰਾਂ ਤੋ ਇਲਾਵਾ ਸਰਪੰਚ, ਪੰਚ ਅਤੇ ਹੋਰ ਪਿੰਡਾਂ ਦੇ ਵਸਨੀਕ ਇਸ ਵੀਡੀਓ ਕਾਨਫਰੰਸ ਰਾਂਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਰੂ-ਬਰੂ ਹੋਣਗੇ ਅਤੇ ਸਰਕਾਰ ਦੀ ਇਸ ਮੁਹਿੰਮ ਵਿਚ ਸ਼ਾਮਿਲ ਹੋ ਕੇ ਪਿੰਡਾਂ ਦੇ ਸਰਵ-ਪੱਖੀ ਵਿਕਾਸ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣਗੇ।
ਉਹਨਾਂ ਦੱਸਿਆ ਕਿ ਇਹ ਸਾਰੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋ ਤਰਤੀਬ -ਵਾਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਊਟੀਆਂ ‘ਤੇ ਤੈਨਾਤ ਕੀਤਾ ਗਿਆ ਹੈ। ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤਰਨਤਾਰਨ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਤਰਨਤਾਰਨ, ਜਿਹਨਾਂ ਨੂੰ ਇਹਨਾਂ ਪ੍ਰੋਗਰਾਮਾਂ ਦੀਆ ਮੁਕੰਮਲ ਜਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਜਿਲ੍ਹੇ ਦੇ ਸਾਰੇ ਉਪ-ਮੰਡਲ ਮੈਜਿਸਟਰੇਟ ਉਹਨਾਂ ਦੀ ਸਬ-ਡਵੀਜਨ ਵਿਚ ਪੈਂਦੇ ਪਿੰਡਾਂ ਦੇ ਓਵਰਆਲ ਇੰਚਾਰਜ ਹੋਣਗੇ। ਸਾਰੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਆਪਣੇ-ਆਪਣੇ ਬਲਾਕ ਦੇ ਨੋਡਲ ਅਫਸਰ ਹੋਣਗੇ। ਇਹ ਸਾਰੇ ਅਧਿਕਾਰੀਆਂ ਦੀ ਜਿੰਮੇਵਾਰੀ ਹੋਵੇਗੀ ਕਿ ਇਸ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣਗੇ।