ਅਜ਼ਾਦੀ ਦੀ ਵਰ੍ਹੇਗੰਢ ਨੂੰ ਸਮਰਪਿਤ ਭਾਸ਼ਨ ਮੁਕਾਬਲੇ ਕਰਵਾਏ

ਪਟਿਆਲਾ 10 ਮਈ:

           ‘ਨਸ਼ਾ ਮਾਤਰ ਭੂਮੀ ਕੀ ਮਾਣ ਕਾ ਹੈ, ਲਹਿਰਾਏਗੇ ਹਰ ਜਗ੍ਹਾ ਹਮ ਤਿਰੰਗੇ ਯੇ ਨਸ਼ਾ ਹੀ ਹਿੰਦੋਸਤਾਨ ਕੀ ਸ਼ਾਨ ਕਾ ਹੈ,’ ਇਹ ਬੋਲ ਹਨ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੀ 12ਵੀਂ ਜਮਾਤ ਦੀ ਵਿਦਿਆਰਥਣ ਤਨੂਜਾ ਦੇ, ਜੋ ਉਸ ਨੇ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਸਬੰਧੀ ਕਰਵਾਏ ਗਏ ਆਨਲਾਈਨ ਭਾਸ਼ਨ ਮੁਕਾਬਲੇ ਦੀ ਸ਼ੁਰੂਆਤ ਕਰਨ ਮੌਕੇ ਬੋਲੇ। ਤਨੂਜਾ ਸਪੁੱਤਰੀ ਤਾਰਾ ਸਿੰਘ ਨੇ ਆਪਣੇ ਸ਼ਾਨਦਾਰ ਭਾਸ਼ਨ ਰਾਹੀਂ ਆਪਣੇ ਸਕੂਲ ‘ਚ ਪਹਿਲਾ ਸਥਾਨ ਹਾਸਲ ਕਰਦਿਆਂ ਇਨ੍ਹਾਂ ਬੋਲਾਂ ਨਾਲ ਆਪਣਾ ਭਾਸ਼ਨ ਸਮਾਪਤ ਕੀਤਾ, ‘ਯੇ ਨਫਰਤ ਬੁਰੀ ਹੈ ਨਾ ਪਾਲੋ ਇਸੇ, ਸਭ ਦਿਲ ਸੇ ਨਿਕਾਲੋ ਇਸੇ, ਨਾ ਤੇਰਾ ਨਾ ਮੇਰਾ ਨਾ ਇਸ ਕਾ ਨਾ ਉਸ ਕਾ, ਯੇ ਸਭ ਕਾ ਵਤਨ ਹੈ ਬਚਾ ਲੋ ਇਸੇ।’

          ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਦੀ ਅਗਵਾਈ ‘ਚ ਡਾ. ਪੁਸ਼ਪਿੰਦਰ ਕੌਰ ਵੱਲੋਂ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ‘ਚ 12ਵੀ ਜਮਾਤ ਦੀ ਵਿਦਿਆਰਥਣ ਕਿਰਨ ਸਪੁੱਤਰੀ ਦੀਪਕ ਸਿੰਘ ਨੇ ਦੂਸਰਾ ਤੇ ਹਿਮਾਂਸ਼ੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਪ੍ਰਿੰ. ਚਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਮੁਕਾਬਲਿਆਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲ ਤੋਂ ਲੈ ਕੇ ਰਾਜ ਪੱਧਰ ਤੱਕ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਤਹਿਤ ਉਨ੍ਹਾਂ ਦੇ ਸਕੂਲ ‘ਚ ਕਰੋਨਾ ਸਬੰਧੀ ਹਦਾਇਤਾਂ ਦਾ ਪਾਲਣ ਕਰਦੇ ਹੋਏ, ਸੈਕੰਡਰੀ ਵਿੰਗ ਦੇ ਆਨਲਾਈਨ ਭਾਸ਼ਨ ਮੁਕਾਬਲੇ ਕਰਵਾਏ ਗਏ ਹਨ।