ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਹਿਲੇ ਗੇੜ ’ਚ ਪ੍ਰਵਾਸੀ ਮਜ਼ਦੂਰਾਂ ਦੀ ਰੇਲ ਆਵਾਜਾਈ ਲਈ 35 ਕਰੋੜ ਮਨਜ਼ੂਰ

1200 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪਹਿਲੀ ਸ਼੍ਰਮਿਕ ਰੇਲ ਗੱਡੀ ਅੱਜ ਝਾਰਖੰਡ ਲਈ ਰਵਾਨਾਆਉਦੇ ਦਿਨਾਂ ਵਿੱਚ ਹੋਰ ਰੇਲ ਗੱਡੀਆਂ ਹੋਣਗੀਆਂ ਰਵਾਨਾ

ਚੰਡੀਗੜ, 5 ਮਈ-

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਹਿਲੇ ਗੇੜ ‘ਚ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੇ ਸੂਬਿਆਂ ’ਚ ਭੇਜਣ ਲਈ ਭਾਰਤੀ ਰੇਲਵੇ ਦੁਆਰਾ ਤੈਅ ਰੇਲ ਆਵਾਜਾਈ ਦੀ ਲਾਗਤ ਦੇ ਆਪਣੇ ਹਿੱਸੇ ਵਜੋਂ 35 ਕਰੋੜ ਰੁਪਏ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਅੱਜ ਪੰਜਾਬ ਤੋਂ ਦਾਲਤੋਗੰਜ (ਝਾਰਖੰਡ) ਲਈ 1200 ਮਜਦੂਰਾਂ ਨੂੰ ਲੈ ਕੇ ਪਹਿਲੀ ਵਿਸ਼ੇਸ਼ ਸ਼੍ਰਮਿਕ ਐਕਸਪ੍ਰੈਸ ਰਵਾਨਾ ਹੋ ਗਈ ਹੈ।

ਸੂਬਾ ਸਰਕਾਰ ਦੇ ਅੰਦਾਜ਼ੇ ਮੁਤਾਬਕ ਪੰਜਾਬ ਤੋਂ 5 ਤੋਂ 6 ਲੱਖ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਪਰਤਣ ਲਈ ਰੇਲ ਸੁਵਿਧਾ ਦਾ ਲਾਭ ਲੈਣਗੇ ਜਦੋਂਕਿ ਬਾਕੀ ਸੜਕੀ ਆਵਾਜਾਈ ਸਾਧਨਾਂ ਰਾਹੀਂ ਜਾਣਗੇ। ਪ੍ਰਤੀ ਟਿਕਟ ਔਸਤਨ 640 ਰੁਪਏ ਖਰਚੇ ਦੇ ਹਿਸਾਬ ਨਾਲ ਸਟੇਟ ਐਗਜ਼ੀਕਿੳੂਟਿਵ ਕਮੇਟੀ ਵੱਲੋਂ ਸ਼ੁਰੂਆਤੀ ਤੌਰ ‘ਤੇ ਲੋੜੀਂਦੇ ਖਰਚੇ ਲਈ 35 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਫੰਡ ਰਾਸ਼ਟਰੀ ਸੰਕਟ ਰਾਹਤ ਐਕਟ 2005 ਤਹਿਤ ਜਾਰੀ ਕੀਤੇ ਗਏ ਹਨ।

ਪੰਜਾਬ ਸਰਕਾਰ ਦੇ ਬੁਲਾਰੇ ਅਨੁਸਾਰ ਪ੍ਰਵਾਨ ਕੀਤੀ ਗਈ ਰਕਮ ਦਾ 25 ਫੀਸਦ ਫੌਰੀ ਤੌਰ ‘ਤੇ ਡਿਪਟੀ ਕਮਿਸ਼ਨਰਾਂ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਹੈ ਜਿਨਾਂ ਨੂੰ ਰੇਲਵੇ ਨੂੰ ਸਿੱਧੀ ਅਦਾਇਗੀ ਕਰਕੇ ਰਜਿਸਟਰਡ ਯਾਤਰੀਆਂ ਲਈ ਟਿੱਕਟਾਂ ਮੁਹੱਈਆ ਕਰਵਾਉਣ ਲਈ ਅਧਿਕਾਰਤ ਕੀਤਾ ਗਿਆ ਹੈ। ਬਾਕੀ ਰਕਮ ਡਿਪਟੀ ਕਮਿਸ਼ਨਰਾਂ ਨੂੰ ਟ੍ਰਾਂਸਫਸਰ ਕੀਤੀ ਜਾਵੇਗੀ ਜਿਨਾਂ ਨੂੰ ਆਪਣੇ ਜੱਦੀ ਸੂਬਿਆਂ ਨੂੰ ਪਰਤਣ ਦੇ ਚਾਹਵਾਨ ਪ੍ਰਵਾਸੀ ਮਜ਼ਦੂਰਾਂ ਦੀਆਂ ਰੋਜ਼ਾਨਾ ਪੱਧਰ ‘ਤੇ ਸੂਚੀਆਂ ਤਿਆਰ ਕਰਨ ਲਈ ਕਿਹਾ ਗਿਆ ਹੈ।

ਉਹ ਸਾਰੇ ਮਜ਼ਦੂਰ ਜੋ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ ਉਨਾਂ ਦੇ ਨਾਂ ਸੂਬੇ ਦੇ ਪੋਰਟਲ ’ਤੇ ਦਰਜ ਕੀਤੇ ਗਏ ਹਨ ਅਤੇ ਹੋਰ ਸੰਬੰਧਿਤ ਵੇਰਵਿਆਂ ਨਾਲ ਰੇਲ ਗੱਡੀਆਂ ਦੀ ਸਮਾਂ-ਸਰਣੀ ਬਾਰੇ ਉਨਾਂ ਨੂੰ ਐਸਐਮਐਸ ਦੇ ਜ਼ਰੀਏ ਸੂਚਿਤ ਕੀਤਾ ਜਾ ਰਿਹਾ ਹੈ।

ਉਪਲਬਧ ਅੰਕੜਿਆਂ ਅਨੁਸਾਰ ਆਪਣੇ ਪਿੱਤਰੀ ਰਾਜਾਂ ਨੂੰ ਵਾਪਸ ਪਰਤਣ ਦੇ ਇਛੁੱਕ 6.44 ਲੱਖ ਤੋਂ ਵੱਧ ਪ੍ਰਵਾਸੀ ਕਾਮਿਆਂ ਵੱਲੋਂ  ਸੂਬਾ ਸਰਕਾਰ ਦੁਆਰਾ  ਵਿਸ਼ੇਸ਼ ਤੌਰ ’ਤੇ ਤਿਆਰ ਕੀਤੇੇ ਪੋਰਟਲ     www.covidhelp.punjab.gov.in. ’ਤੇ ਰਜਿਸਟਰ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ 5 ਮਈ ਤੋਂ ਉਨਾਂ ਦੀ ਆਵਾਜਾਈ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਉਨਾਂ ਦੀ ਸਰਕਾਰ ਰੇਲ ਮੰਤਰਾਲੇ ਨੂੰ ਅਗਲੇ 10-15 ਦਿਨਾਂ ਲਈ ਰੇਲ ਗੱਡੀਆਂ ਦੀ ਰੋਜ਼ਾਨਾ ਜ਼ਰੂਰਤ ਸਬੰਧੀ ਪਹਿਲਾਂ ਤੋਂ ਹੀ ਦੱਸ ਦੇਵੇਗੀ ਤਾਂ ਜੋ ਪੋਰਟਲ ’ਤੇ ਰਜਿਸਟਰ ਸਾਰੇ ਵਿਅਕਤੀਆਂ ਨੂੰ ਉਨਾਂ ਦੇ ਗ੍ਰਹਿ ਰਾਜ ਭੇਜਿਆ ਜਾ ਸਕੇ।

ਪ੍ਰਵਾਸੀ ਕਾਮਿਆਂ ਦੀ ਸੁਚਾਰੂ ਅਆਵਾਜਾਈ ਦੀ ਸਹੂਲਤ ਲਈ ਸੂਬਾ ਸਰਕਾਰ ਦੇ ਅਧਿਕਾਰੀ  ਰੇਲਵੇ ਦੇ ਸੀਨੀਅਰ ਅਧਿਕਾਰੀਆਂ ਅਤੇ ਇਨਾਂ ਪ੍ਰਵਾਸੀ ਕਾਮਿਆਂ ਦੇ ਗ੍ਰਹਿ ਰਾਜਾਂ ਦੇ ਅਧਿਕਾਰੀਆਂ ਨਾਲ ਜ਼ਮੀਨੀ ਪੱਧਰ ’ਤੇ ਤਾਲਮੇਲ ਕਰ ਰਹੇ ਹਨ।

ਪੰਜਾਬ ਵਿੱਚ ਉਦਯੋਗਿਕ ਅਤੇ ਖੇਤੀਬਾੜੀ ਸੈਕਟਰ  ਵਿੱਚ ਅਸਥਾਈ ਰੁਜ਼ਗਾਰ ਦੀ ਤਲਾਸ਼ ਵਿੱਚ ਯੂਪੀ, ਬਿਹਾਰ, ਝਾਰਖੰਡ ਅਤੇ ਹੋਰ ਪੂਰਬੀ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਪੰਜਾਬ ਆਉਂਦੇ ਹਨ। ਕੌਮੀ ਤਾਲਾਬੰਦੀ ਕਾਰਨ ਉਹ ਮਾਰਚ ਵਿੱਚ ਨਹੀਂ ਜਾ ਸਕਦੇ ਸਨ ਜਿਵੇਂ ਕਿ ਉਹ ਆਮ ਤੌਰ ’ਤੇ ਕਰਦੇ ਹਨ।