ਅਮਰਿੰਦਰ ਸਰਕਾਰ ਦੀਆਂ ਕਿਸਾਨ ਤੇ ਦਲਿਤ ਵਿਰੋਧੀ ਨੀਤੀਆਂ ਖਿਲਾਫ ਪੰਜਾਬ ਭਰ ਵਿਚ ਰੋਸ ਮੁਜ਼ਾਹਰੇ 5 ਅਪ੍ਰੈਲ ਨੁੰ : ਅਕਾਲੀ ਦਲ
ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿਚ ਪਾਰਟੀ ਦੇ ਸਾਰੇ ਫੈਸਲੇ ਲੈਣ ਦੇ ਅਧਿਕਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਤੇ

ਇਸ ਬਾਰੇ ਫੈਸਲਾ ਅੱਜ ਦੁਪਹਿਰ ਪਾਰਟੀ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਵਿਚ ਲਿਆ ਗਿਆ ਜਿਸਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ।
ਕੋਰ ਕਮੇਟੀ ਦੀ ਮੀਟਿੰਗ ਦੇ ਵੇਰਵਿਆਂ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਕਹਾਰ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਮੀਟਿੰਗ ਨੇ ਪ੍ਰਸਿੱਧ ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਕੱਲ੍ਹ ਰਾਤ ਭਾਜਪਾ ਕਾਰਕੁੰਨਾਂ ਵੱਲੋਂ ਕੀਤੇ ਗਏ ਮਾਰੂ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਕਿ ਇਸ ਹਮਲੇ ਪਿੱਛੇ ਤਾਕਤਾਂ ਦਾ ਪਤਾ ਲਾਉਣ ਲਈ ਉਚ ਪੱਧਰੀ ਨਿਆਂਇਕ ਜਾਂਚ ਕਰਵਾਈ ਜਾਵੇ। ਮੀਟਿੰਗ ਵਿਚ ਕਿਹਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਨਾ ਇਥੇ ਨਾ ਉਥੇ ਦਾ ਸਟੈਂਡ ਲਿਆ ਹੋਇਆ ਹੈ ਤੇ ਭਾਜਪਾ ਦੇ ਕਈ ਮੈਂਬਰਾਂ ਵੱਲੋਂ ਕਿਸਾਨ ਵਿਰੋਧੀ ਗੈਰ ਜ਼ਿੰਮੇਵਾਰਾਨਾ ਬਿਆਨ ਇਸ ਹਮਲੇ ਲਈ ਜ਼ਿੰਮੇਵਾਰ ਹਨ।
ਸ੍ਰੀ ਬੈਂਸ ਨੇ ਦੱਸਿਆ ਕਿ ਕੋਰ ਕਮੇਟੀ ਨੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਸੂਬਾ ਸਰਕਾਰ ਨੂੰ ਭੇਜੇ ਪੱਤਰ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਇਸਦਾ ਮਕਸਦ ਪੰਜਾਬ ਦੇ ਕਿਸਾਨਾਂ ਦਾ ਅਕਸ ਖਰਾਬ ਕਰਨਾ ਹੈ ਤੇ ਇਸੇ ਵਾਸਤੇ ਉਹਨਾਂ ’ਤੇ ਪ੍ਰਵਾਸੀ ਮਜ਼ਦੂਰਾਂ ਨੁੰ ਬੰਧੂਆਂ ਮਜ਼ਦੂਰ ਬਣਾ ਕੇ ਰੱਖਣ ਤੇ ਉਹਨਾਂ ਨੂੰ ਨਸ਼ੇ ਕਰਾਕੇ ਕੰਮ ਲੈਣ ਵਰਗੇ ਦੋਸ਼ ਲਗਾਏ ਗਏ ਹਨ।
ਮੀਟਿੰਗ ਵਿਚ ਪਾਸ ਕੀਤੇ ਇਕ ਮਤੇ ਵਿਚ ਗ੍ਰਹਿ ਮੰਤਰਾਲੇ ਵੱਲੋਂ ਸੂਬਾ ਸਰਕਾਰ ਨੂੰ ਭੇਜੇ ਪੱਤਰ ਨੂੰ ਪੰਜਾਬ ਦੇ ਕਿਸਾਨਾਂ ਦੇ ਅਕਸ ਨੂੰ ਬਹੁਤ ਮਾੜੇ ਵਜੋਂ ਪੇਸ਼ ਕਰਨ ਅਤੇ ਕਿਸਾਨਾਂ ਤੇ ਪ੍ਰਵਾਸ਼ੀ ਖੇਤ ਮਜ਼ਦੂਰਾਂ ਦੇ ਸਦੀਆਂ ਪੁਰਾਣੇ ਸੁਹਿਰਦ ਰਿਸ਼ਤੇ ਨੂੰ ਖਰਾਬ ਕਰਨ ਲਈ ਸ਼ੱਕ ਤੇ ਟਕਰਾਅ ਦਾ ਮਾਹੌਲ ਪੈਦਾ ਕਰਨ ਦੀ ਡੂੰਘੀ ਸਾਜ਼ਿਸ਼ ਕਰਾਰ ਦਿੱਤਾ। ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗ੍ਰਹਿ ਮੰਤਰਾਲੇ ਨੇ ਇਸ ਮੰਦੇ ਸੰਚਾਰ ’ਤੇ ਸਾਜ਼ਿਸ਼ੀ ਚੁੱਪ ਵੱਟੀ ਰੱਖਣ ਦੀ ਵੀ ਨਿਖੇਧੀ ਕੀਤੀ।
ਕੋਰ ਕਮੇਟੀ ਵੱਲੋਂ ਅੱਜ ਦੁਪਹਿਰ ਪਾਸ ਕੀਤੇ ਇਕ ਮਤੇ ਵਿਚ ਮੁੱਖ ਮੰਤਰੀ ’ਤੇ ਸੂਬੇ ਵਿਚ ਸ਼ਾਂਤੀ, ਫਿਰਕੂ ਸਦਭਾਵਨਾ ਤੇ ਅਮਨ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਦੀ ਸੰਵਿਧਾਨ ਜ਼ਿੰਮੇਵਾਰ ਤੋਂ ਭੱਜਣ ਦਾ ਵੀ ਦੋਸ਼ ਲਗਾਇਆ ਤੇ ਕਿਹਾ ਕਿ ਇਸ ਕਾਰਨ ਹੀ ਸੂਬਾ ਪੂਰਨ ਕਾਨੂੰਨ ਹੀਣਤਾ ਤੇ ਹਿੰਸਾ ਵੱਲ ਵੱਧ ਰਿਹਾ ਹੈ ਤੇ ਸੂਬੇ ਵਿਚ ਫਿਰੌਤੀਆਂ, ਖੂਨ ਖਰਾਬੇ, ਦਿਨ ਦਿਹਾੜੇ ਕਤਲ ਤੇ ਗਿਰੋਹਾਂ ਦੇ ਸ਼ਰ੍ਹੇਆਮ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਘੁੰਮ ਕੇ ਲੋਕਾਂ ਨੂੰ ਆਪਣਾ ਬਚਾਅ ਆਪ ਕਰਨ ਲਈ ਮਜਬੂਰ ਕਰਨ ਕਿਉਂਕਿ ਲੋਕ ਪ੍ਰਤੀਨਿਧਾਂ ’ਤੇ ਬਿਨਾਂ ਰੁਕਾਵਟ ਹਮਲੇ ਹੋ ਰਹੇ ਹਨ, ਵਰਗੀਆਂ ਘਟਨਾਵਾਂ ਕਾਰਨ ਸੂਬਾ ਅਰਾਜਕਤਾ ਵੱਲ ਵੱਧ ਰਿਹਾ ਹੈ। ਇਸ ਵਿਚ ਕਿਹਾ ਗਿਆ ਕਿ ਮੁੱਖ ਮੰਤਰੀ ਤੇ ਉਹਨਾਂ ਦੇ ਕੈਬਨਿਟ ਮੰਤਰੀ ਸੱਤਾ ਵਿਚ ਆਪਣੇ ਕਾਰਜਕਾਲ ਨੂੰ ਲੋਕਾਂ ਦੀ ਕੀਮਤ ’ਤੇ ਪਿਕਨਿਕ ਵਜੋਂ ਲੈ ਰਹੇ ਹਨ। ਇਸ ਵਾਸਤੇ ਅਜਿਹਾ ਕੋਈ ਨਹੀਂ ਜੋ ਲੋਕਾਂ ਦੀਆਂ ਜਾਨਾਂ ਤੇ ਮਾਲ ਦੀ ਰਾਖੀ ਤੇ ਸੁਰੱਖਿਆ ਯਕੀਨੀ ਬਣਾਵੇ ਤੇ ਨਾ ਹੀ ਕੋਈ ਉਹਨਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਨਿੱਤਰਦਾ ਹੈ।
ਕੋਰ ਕਮੇਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਦੇ ਸੰਬਧ ਵਿਚ ਸਾਰੇ ਫੈਸਲੇ ਲੈਣ ਲਈ ਅਧਿਕਾਰ ਪਾਰਟੀ ਪ੍ਰਧਾਨ ਨੂੰ ਸੌਂਪ ਦਿੱਤੇ।

ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਤੋਤਾ ਸਿੰਘ, ਨਿਰਮਲ ਸਿੰਘ ਕਾਹਲੋਂ, ਬੀਬੀ ਜਗੀਰ ਕੌਰ, ਜਨਮੇਜਾ ਸਿੰਘ ਸੇਖੋਂ, ਬੀਬੀ ਉਪਿੰਦਰਜੀਤ ਕੌਰ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਜਗਮੀਤ ਸਿੰਘ ਬਰਾੜ, ਸੁੁਰਜੀਤ ਸਿੰਘ ਰੱਖੜਾ, ਬਲਦੇਵ ਸਿੰਘ ਮਾਨ ਤੇ ਅਵਤਾਰ ਸਿੰਘ ਹਿੱਤ ਨੇ ਵੀ ਸ਼ਮੂਲੀਅਤ ਕੀਤੀ।

English




