ਹੈੱਡਮਾਸਟਰ ਤੇ ਸਰਪੰਚ ਵੱਲੋਂ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਏ

ਸਰਕਾਰੀ ਸਕੂਲਾਂ ਵਿੱਚ ਪਿਛਲੇ ਸ਼ੈਸ਼ਨ ਮੁਕਾਬਲੇ ਇਸ ਵਾਰ 10.30 ਪ੍ਰਤੀਸ਼ਤ ਗਿਣਤੀ ਵਧੀ : ਡੀ.ਈ.ਓ. ਸੈਕੰ.

ਗੁਰਦਾਸਪੁਰ 20 ਮਈ, 2021 (      )ਜਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆ ਦੀ ਗਿਣਤੀ ਵਿੱਚ ਪਿਛਲੇ ਸ਼ੈਸ਼ਨ ਮੁਕਾਬਲੇ 10.30 ਪ੍ਰਤੀਸ਼ਤ ਵਾਧਾ ਹੋਇਆ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫ਼ਸਰ ( ਸ ) ਹਰਪਾਲ ਸਿੰਘ ਅਤੇ ਡਿਪਟੀ ਡੀ.ਈ.ਓ. ਸੈਕੰ : ਲਖਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਬੱਚਿਆ ਦੇ ਮਾਤਾ ਪਿਤਾ ਤੱਕ ਸਾਕਾਰਤਮਕ ਪਹੁੰਚ ਬਣਾ ਕੇ ਸਰਕਾਰੀ ਸਹੂਲਤਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੰਦੇ ਹੋਏ , ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡੀ.ਈ.ਓ. ਸੈਕੰ : ਹਰਪਾਲ ਸਿੰਘ ਨੇ ਦੱਸਿਆ ਕਿ ਇਸ ਦਾਖਲਾ ਮੁਹਿੰਮ ਵਿੱਚ ਬਲਾਕ ਬਟਾਲਾ 1 (14.78 % ), ਬਲਾਕ ਗੁਰਦਾਸਪੁਰ 2 (12.71 % ), ਬਲਾਕ ਬਟਾਲਾ 2 ( 11.95 % ) ਦਾਖਲੇ ਦੇ ਵਾਧੇ ਪੱਖੋਂ ਜ਼ਿਲ੍ਹੇ ਵਿੱਚ ਕ੍ਰਮਵਾਰ ਪਹਿਲੇ ,ਦੂਸਰੇ ਤੇ ਤੀਸਰੇ ਸਥਾਨ ਤੇ ਰਹੇ ਹਨ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਸਰਕਾਰੀ ਹਾਈ ਸਕੂਲ ਗਿੱਲਾਂਵਾਲੀ ਕਿਲਾ ਦਰਸ਼ਨ ਸਿੰਘ ਦੇ ਹੈੱਡ ਮਾਸਟਰ ਜਸਵਿੰਦਰ ਸਿੰਘ ਭੁੱਲਰ ਅਤੇ ਪਿੰਡ ਗਿੱਲਾਂਵਾਲ਼ੀ ਦੇ ਸਰਪੰਚ ਹਰਬਲਦੇਵ ਸਿੰਘ ਵੱਲੋਂ ਆਪਣੀਆਂ ਬੇਟੀਆਂ ਪ੍ਰਾਈਵੇਟ ਸਕੂਲ ਤੋਂ ਹਟਾ ਕੇ ਆਪਣੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਹੈੱਡਮਾਸਟਰ ਜਸਵਿੰਦਰ ਸਿੰਘ ਭੁੱਲਰ ਜੋ ਕਿ ਬਲਾਕ ਨੋਡਲ ਅਫ਼ਸਰ ਬਟਾਲਾ 1 ਵਜੋਂ ਵੀ ਸੇਵਾਵਾਂ ਦੇ ਰਹੇ ਹਨ , ਨੇ ਜਿੱਥੇ ਬਲਾਕ ਬਟਾਲ 1 ਦੀ ਗਿਣਤੀ 14.78 ਪ੍ਰਤੀਸ਼ਤ ਵਧਾਈ ਹੈ ਉੱਥੇ ਆਪਣੇ ਸਰਕਾਰੀ ਹਾਈ ਸਕੂਲ ਕਿਲਾ ਦਰਸ਼ਨ ਸਿੰਘ ਦੀ ਗਿਣਤੀ ਵਿੱਚ ਪਿਛਲੇ ਸਾਲ ਬਤੌਰ ਹੈੱਡਮਾਸਟਰ ਜੁਆਇਨ ਕਰਨ ਤੋਂ ਬਾਅਦ 73 ਪ੍ਰਤੀਸ਼ਤ ਗਿਣਤੀ ਦਾ ਵਾਧਾ ਕੀਤਾ ਹੈ। ਜਿਸ ਨਾਲ ਬਲਾਕ ਬਟਾਲਾ 1 ਜ਼ਿਲ੍ਹੇ ਵਿੱਚੋਂ ਪਹਿਲੇ ਨੰਬਰ ਅਤੇ ਪੰਜਾਬ ਵਿੱਚੋਂ ਮੋਹਰਲੇ ਬਲਾਕਾਂ ਵਿੱਚ ਰਿਹਾ ਹੈ ਜੋ ਕਿ ਮਾਣ ਵਾਲੀ ਗੱਲ ਹੈ।

ਉਨ੍ਹਾਂ ਹੈੱਡਮਾਸਟਰ / ਬੀ.ਐੱਨ. ਓ. ਜਸਵਿੰਦਰ ਸਿੰਘ ਭੁੱਲਰ ਨੂੰ ਵਧਾਈ ਦਿੰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਬਿਹਤਰ ਸਿੱਖਿਆ ਲਈ ਆਪਣੇ ਬੱਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ। ਇਸ ਦੌਰਾਨ ਡਿਪਟੀ ਡੀ.ਈ.ਓ. ਲਖਵਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲ ਭਾਵੇਂ ਬੰਦ ਹਨ ਪਰ ਅਧਿਆਪਕਾਂ ਵੱਲੋਂ ਵੱਖ ਵੱਖ ਸ਼ੋਸ਼ਲ ਮਾਧਿਅਮਾਂ ਦੁਆਰਾਂ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੀ ਪੜ੍ਹਾਈ ਜਿੱਥੇ ਉੱਚ ਪੱਧਰ ਦੀ ਹੈ , ਉੱਥੇ ਸਮਾਰਟ ਬਿਲਡਿੰਗਾਂ ਤੇ ਸਮਾਰਟ ਕਲਾਸ-ਰੂਮ ਹਰ ਇੱਕ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਇਸ ਦੌਰਾਨ ਜਦੋਂ ਹੈੱਡਮਾਸਟਰ ਜਸਵਿੰਦਰ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਮਿਹਨਤ ਕਰਕੇ ਬੱਚਿਆ ਦੀ ਗਿਣਤੀ ਵਧਾਉਣਗੇ।