ਖੇਡਾਂ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਲਾਹੇਵੰਦ-ਤੂਰ

ਜਿਲ੍ਹਾ ਪੱਧਰ ਦੀਆਂ ਰੱਸੀ ਟੱਪਣ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ ਨੂੰ ਨਕਦ ਰਾਸ਼ੀ ਨਾਲ ਕੀਤਾ ਜਾਵੇਗਾ ਸਨਮਾਨਿਤ
ਬਰਨਾਲਾ, 29 ਮਈ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ‘ਚ ਮੋਹਰੀ ਬਣਾਉਣ ਦੇ ਨਾਲ ਨਾਲ ਖੇਡ ਖੇਤਰ ਵਿੱਚ ਵੀ ਬਿਹਤਰੀਨ ਪ੍ਰਦਰਸ਼ਨ ਦੇ ਸਮਰੱਥ ਬਣਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰੀ ਸਕੂਲਾਂ ਦੇ ਖੇਡ ਢਾਂਚੇ ਨੂੰ ਮਿਆਰੀ ਬਣਾਉਣ ਲਈ ਜਿੱਥੇ ਸਰਕਾਰੀ ਸਕੂਲਾਂ ‘ਚ ਸਮਾਰਟ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ ਉੱਥੇ ਹੀ ਕੋਵਿਡ ਹਦਾਇਤਾਂ ਦੀ ਪਾਲਣਾ ਕਰਦਿਆਂ ਵਿਦਿਆਰਥੀਆਂ ਨੂੰ ਵਿਆਕਤੀਗਤ ਖੇਡ ਗਤੀਵਿਧੀਆਂ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ਐਲੀਮੈਂਟਰੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ‘ਚ ਖੇਡਾਂ ਦਾ ਯੋਗਦਾਨ ਬੜਾ ਅਹਿਮ ਹੈ।ਵਿੱਦਿਅਕ ਖੇਤਰ ‘ਚ ਬਿਹਤਰੀਨ ਪ੍ਰਾਪਤੀਆਂ ਲਈ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬੇਹੱਦ ਜਰੂਰੀ ਹੈ। ਸਿੱਖਿਆ ਅਧਿਕਾਰੀ ਨੇ ਕਿਹਾ ਕਿ ਹੁਣ ਜਦੋਂ ਵਿਦਿਆਰਥੀਆਂ ਦੀ ਸਕੂਲਾਂ ਵਿੱਚ ਆਮਦ ਨਹੀਂ ਅਤੇ ਕੋਵਿਡ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦੇ ਇਕੱਤਰ ਹੋਣ ‘ਤੇ ਵੀ ਮਨਾਹੀ ਹੈ ਤਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਕੋਰੋਨਾ ਬਚਾਅ ਤੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਵਿੱਚ ਹੀ ਵਿਆਕਤੀਗਤ ਖੇਡਾਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਇਸੇ ਲੜੀ ਤਹਿਤ ਜਿਲ੍ਹੇ ਦੇ ਸਮੂਹ ਸਰਕਾਰੀ ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਦੇ ਮਿਡਲ ਅਤੇ ਹਾਈ ਦੋ ਵਰਗਾਂ ‘ਚ ਆਨਲਾਈਨ ਰੱਸੀ ਟੱਪਣ ਮੁਕਾਬਲੇ ਕਰਵਾਏ ਗਏ ਹਨ। ਸਕੂਲ ਪੱਧਰੀ ਮੁਕਾਬਲਿਆਂ ਉਪਰੰਤ ਜੋਨ ਪੱਧਰੀ ਅਤੇ ਜਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ।ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਜਿਲ੍ਹਾ ਪੱਧਰ ‘ਤੇ ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਕਿਹਾ ਕਿ ਰੱਸੀ ਟੱਪਣਾ ਆਪਣੇ ਆਪ ਵਿੱਚ ਬਿਹਤਰੀਨ ਕਸਰਤ ਹੈ।ਇਸ ਦੇ ਮਹੱਤਵ ਨੂੰ ਵੇਖਦਿਆਂ ਹੀ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਦੇ ਰੱਸੀ ਟੱਪਣ ਮੁਕਾਬਲੇ ਕਰਵਾਏ ਗਏ ਹਨ।ਸਿਮਰਦੀਪ ਸਿੰਘ ਜਿਲ੍ਹਾ ਮੈਂਟਰ ਖੇਡਾਂ ਨੇ ਦੱਸਿਆ ਕਿ ਸਮੂਹ ਸਕੂਲਾਂ ਦੀਆਂ ਵਿਦਿਆਰਥਣਾਂ ਵੱਲੋਂ ਰੱਸੀ ਟੱਪਣ ਮੁਕਾਬਲੇ ਵਿੱਚ ਉਤਸ਼ਾਹ ਨਾਲ ਸ਼ਿਰਕਤ ਕੀਤੀ ਗਈ ਹੈ। ਮੁਕਾਬਲੇ ਦੀ ਪ੍ਰਕ੍ਰਿਆ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਵਿਦਿਆਰਥਣਾਂ ਵੱਲੋਂ ਰੱਸੀ ਟੱਪਣ ਦੀ ਵੀਡਿਓ ਬਣਾ ਕੇ ਆਨਲਾਈਨ ਤਰੀਕੇ ਸੰਬੰਧਿਤ ਅਧਿਆਪਕਾਂ ਤੱਕ ਪਹੁੰਚਾਈ ਗਈ ਅਤੇ ਸਕੂਲਾਂ ਵੱਲੋਂ ਬਿਹਤਰੀਨ ਪ੍ਰਦਰਸ਼ਨ ਵਾਲੀਆਂ ਚੁਣੀਆਂ ਵਿਦਿਆਰਥਣਾਂ ਦੇ ਜੋਨ ਪੱਧਰੀ ਅਤੇ ਜੋਨ ਪੱਧਰ ਦੀਆਂ ਬਿਹਤਰੀਨ ਵਿਦਿਆਰਥਣਾਂ ਦੇ ਜਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ।ਮੁਕਾਬਲਿਆਂ ਦੇ ਸੰਚਾਲਨ ਵਿੱਚ ਸਕੂਲ ਮੁਖੀਆਂ, ਸਰੀਰਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਅਤੇ ਬਲਾਕ ਮੈਂਟਰ ਖੇਡਾਂ ਦਾ ਅਹਿਮ ਯੋਗਦਾਨ ਰਿਹਾ।