ਦੋ ਰੋਜ਼ਾ ਪੰਜਾਬ ਰਾਜ ਯੁਵਕ ਮੇਲਾ 30 ਤੇ 31 ਜਨਵਰੀ ਨੂੰ : ਰਾਣਾ ਸੋਢੀ

NEWS MAKHANI
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 30 ਜਨਵਰੀ ਨੂੰ ਕਰਨਗੇ ਸਮਾਗਮ ਦਾ ਉਦਘਾਟਨ
31 ਜਨਵਰੀ ਨੂੰ ਰਾਜ ਬੱਬਰ ਕਰਨਗੇ ਸਮਾਪਤੀ ਸਮਾਗਮ ਦੀ ਪ੍ਰਧਾਨਗੀ
ਚੰਡੀਗੜ੍ਹ, 28 ਜਨਵਰੀ
ਸੂਬੇ ਦੇ ਵਿਕਾਸ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 30 ਅਤੇ 31 ਜਨਵਰੀ 2020 ਨੂੰ ਦੋ ਰੋਜ਼ਾ ਪੰਜਾਬ ਰਾਜ ਯੁਵਕ ਮੇਲਾ-2020 ਕਰਵਾਇਆ ਜਾ ਰਿਹਾ ਹੈ। ਦੋ ਦਿਨ ਚੱਲਣ ਵਾਲੇ ਇਸ ਸਮਾਗਮ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 30 ਜਨਵਰੀ ਨੂੰ ਦੁਪਹਿਰ 12 ਵਜੇ ਕਰਨਗੇ ਜਦਕਿ 31 ਜਨਵਰੀ ਨੂੰ ਸਮਾਪਤੀ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਅਦਾਕਾਰ ਤੇ ਸੀਨੀਅਰ ਕਾਂਗਰਸੀ ਆਗੂ ਰਾਜ ਬੱਬਰ ਵੱਲੋਂ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਰਾਜ ਯੁਵਕ ਮੇਲੇ ਦਾ ਉਦੇਸ਼ ਰਾਜ ਦੇ ਵਿਕਾਸ ਲਈ ਨੌਜਵਾਨਾਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 30 ਜਨਵਰੀ ਨੂੰ ਉੱਘੀਆਂ ਨੌਜਵਾਨ ਸ਼ਖਸੀਅਤਾਂ ਨੂੰ ਪੰਜਾਬ ਯੂਥ ਆਈਕਨ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਵੱਲੋਂ ਸਥਾਪਤ 50 ਸਟਾਰਟ-ਅੱਪਸ ਅਤੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਨਵੀਨ ਪ੍ਰਾਜੈਕਟਾਂ ਨੂੰ ਦੋ ਦਿਨਾਂ ਯੁਵਕ ਮੇਲੇ ਦੌਰਾਨ ਪੰਜਾਬ ਇਨੋਵੇਸ਼ਨ ਐਂਡ ਸਟਾਰਟ-ਅੱਪ ਐਕਸਪੋ-2020 ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।  ਇਸ ਤੋਂ ਇਲਾਵਾ ਕਰੀਅਰ ਸਮਿਟ, ਰੱਖਿਆ ਪ੍ਰਦਰਸ਼ਨੀ, ਪੰਜਾਬ ਹੈਰੀਟੇਜ ਪ੍ਰਦਰਸ਼ਨੀ-ਵਿਰਸਾ ਅਤੇ ਟੈਲੈਂਟ ਹੰਟ ਮੁਕਾਬਲੇ ਆਯੋਜਿਤ ਕੀਤੇ ਜਾਣਗੇ।
ਦੋ ਦਿਨਾ ਰਾਜ ਪੱਧਰੀ ਯੁਵਕ ਮੇਲਾ 31 ਜਨਵਰੀ 2020 ਨੂੰ ਸ਼ਾਨਦਾਰ ਸਮਾਪਤੀ ਸਮਾਗਮ ਨਾਲ ਨੇਪਰੇ ਚੜ੍ਹੇਗਾ। ਦੋ ਦਿਨਾ ਸਮਾਗਮ ਦੌਰਾਨ ਬਾਲੀਵੁੱਡ ਗਾਇਕ ਮੋਹਨ ਅਤੇ ਪੰਜਾਬੀ ਗਾਇਕ ਜੋਰਡਨ ਸੰਧੂ, ਨਿੰਜਾ, ਨੂਰਾਂ ਸਿਸਟਰਜ਼ ਅਤੋ ਹੋਰਾਂ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।