ਬਾਦਲ ਪਿੰਡ ਦੀ ਨਕਲੀ ਸ਼ਰਾਬ ਫੈਕਟਰੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਆਪ ਆਗੂਆਂ ਉੱਤੇ ਕੇਸ ਦਰਜ ਕਰਨ ਦੀ ਥਾਂ ਦੋਸ਼ੀਆਂ ਉਤੇ ਕੇਸ ਦਰਜ ਕਰਨ ਕੈਪਟਨ- ਆਪ

Kultar Singh Sandhwan
S. Kultar Singh Sandhwan

ਆਪਣੇ ਚਹੇਤੇ ਕਾਂਗਰਸੀ-ਅਕਾਲੀ ਸ਼ਰਾਬ ਤਸਕਰਾਂ ਨੂੰ ਬਚਾਉਣ ਲਈ ‘ਆਪ’ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ ਸਰਕਾਰ
ਹਰ ਤਰ੍ਹਾਂ ਦੇ ਮਾਫੀਆ ਖਲਿਾਫ ਆਵਾਜ ਬੁਲੰਦ ਕਰਦੀ ਰਹੇਗੀ ਆਮ ਆਦਮੀ ਪਾਰਟੀ
ਮੁਕਤਸਰ, 5 ਜੂਨ 2021
ਪਿੰਡ ਬਾਦਲ ਵਿਖੇ ਨਕਲੀ ਸ਼ਰਾਬ ਦੀ ਫੈਕਟਰੀ ਫੜੇ ਜਾਣ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਵੱਲੋਂ ਲੰਬੀ ਪੁਲੀਸ ਥਾਣੇ ਅੱਗੇ ਲਗਾਏ ਵਿੱਚ ਸ਼ਾਮਲ ਆਮ ਆਦਮੀ ਪਾਰਟੀ ਦੇ ਆਗੂਆਂ ਉਤੇ ਮੁਕੱਦਮੇ ਦਰਜ ਕਰਨ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ ਨੇ ਇਸ ਨੂੰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ। ਮੀਡੀਆ ਵਿੱਚ ਜਾਰੀ ਸਾਂਝੇ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ ਅਤੇ ਮੀਤ ਹੇਅਰ ਹੱਕਾਂ ਲਈ ਸੰਘਰਸ਼ ਕਰਦੇ ਆਗੂਆਂ ਉੱਤੇ ਮੁਕੱਦਮੇ ਦਰਜ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਆਪ ਦੇ ਆਗੂਆਂ ਅਤੇ ਵਰਕਰਾਂ ਉਤੇ ਮੁਕੱਦਮੇ ਦਰਜ ਕਰਨ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਸ਼ਰਾਬ ਮਾਫੀਆ ਵਿਚਲੇ ਆਪਣੇ ਆਗੂਆਂ ਤੇ ਬਾਦਲਾਂ ਖਲਿਾਫ ਕਾਰਵਾਈ ਕਰਨ।
ਆਪ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਇਸ ਸਮੇਂ ਵੱਖ ਵੱਖ ਮਾਫੀਆ ਤੋਂ ਪ੍ਰੇਸ਼ਾਨ ਹੈ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਦੀ ਲੜਾਈ ਵਿੱਚ ਮਸਰੂਫ ਹਨ। ਕੈਪਟਨ ਨੇ ਨਾ ਤਾਂ ਹੁਣ ਤਕ ਮਾਝਾ ਖੇਤਰ ਵਿਚ ਨਕਲੀ ਸ਼ਰਾਬ ਨਾਲ ਆਪਣੀ ਜਾਨ ਗਵਾ ਚੁੱਕੇ 100 ਦੇ ਕਰੀਬ ਲੋਕਾਂ ਨਾਲ ਇਨਸਾਫ ਕੀਤਾ ਹੈ ਅਤੇ ਨਾ ਹੀ ਆਪਣੇ ਜੱਦੀ ਜ਼ਿਲੇ ਪਟਿਆਲਾ ਵਿਚ ਚੱਲਦੀਆਂ ਵੱਖ ਵੱਖ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਦੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਬਾਦਲ ਵਾਂਗ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰ ਰਹੇ ਹਨ।
ਆਪ ਆਗੂਆਂ ਨੇ ਕਿਹਾ ਕਿ ਉਹ ਹੱਕਾਂ ਦੀ ਲੜਾਈ ਲੜਦਿਆਂ ਇਨ੍ਹਾਂ ਪਰਚਿਆਂ ਤੋਂ ਡਰਨ ਵਾਲੇ ਨਹੀਂ ਬਲਕਿ ਲੋਕਾਂ ਦੇ ਹੱਕ ਉਨ੍ਹਾਂ ਨੂੰ ਦਿਵਾ ਕੇ ਰਹਿਣਗੇ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਅਜੇ ਤੱਕ ਪੁਲੀਸ ਨੇ ਨਕਲੀ ਸ਼ਰਾਬ ਮਾਮਲੇ ਵਿਚ ਜ਼ਮੀਨ ਦੀ ਫਰਦ ਤਕ ਨਹੀਂ ਕਢਵਾਈ ਹੈ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੁਲੀਸ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਜਾਣ ਚੁੱਕੇ ਹਨ ਕਿ ਅਕਾਲੀ ਅਤੇ ਕਾਂਗਰਸੀ ਮਿਲ ਕੇ ਹਰ ਤਰ੍ਹਾਂ ਦਾ ਮਾਫ਼ੀਆ ਚਲਾ ਰਹੇ ਹਨ ਅਤੇ ਉਹ ਭਵਿੱਖ ਵਿੱਚ ਇਨ੍ਹਾਂ ਨੂੰ ਮੂੰਹ ਤੋਡਵਾਂ ਜਵਾਬ ਦੇਣਗੇ।