ਸੇਖੋਵਾਲ ਦੀ ਸਰਪੰਚ ਨੂੰ ‘ਅਗਵਾ’ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਦਰਜ ਹੋਵੇ ਮਾਮਲਾ-ਹਰਪਾਲ ਸਿੰਘ ਚੀਮਾ

-ਕਿਹਾ, ਸਰਕਾਰੀ ਗੁੰਡਾਗਰਦੀ ਦੀ ਸਿਖਰ ਹੈ ਸਰਪੰਚ ਕੋਲੋਂ ਰਾਤ ਨੂੰ ਪਿੰਡ ਦੀ ਜ਼ਮੀਨ ਦੀ ਰਜਿਸਟਰੀ ਕਰਾਉਣ ਦੀ ਕੋਸ਼ਿਸ਼
-ਵਿਰੋਧੀ ਧਿਰ ਦੇ ਨੇਤਾ ਨੇ ਸੇਖੋਵਾਲ ਪੁੱਜ ਕੇ ਸਰਪੰਚ ਸਮੇਤ ਪਿੰਡ ਵਾਸੀਆਂ ਦਾ ਹੌਸਲਾ ਵਧਾਇਆ

ਲੁਧਿਆਣਾ/ ਮਾਛੀਵਾੜਾ, 1 ਅਗਸਤ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਲੁਧਿਆਣਾ ਪੁਲਸ ਅਤੇ ਪ੍ਰਸ਼ਾਸਨ ਦੇ ਉਨ੍ਹਾਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਅਤੇ ‘ਅਗਵਾ’ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ, ਜਿੰਨਾ ਨੇ ਪਿੰਡ ਦੀ ਸਾਰੀ 400 ਏਕੜ ਜ਼ਮੀਨ ਦੀ ਜ਼ਬਰਦਸਤੀ ਰਜਿਸਟਰੀ ਲਈ ਸੇਖੋਵਾਲ ਦੀ ਸਰਪੰਚ ਅਮਰੀਕ ਕੌਰ ਨੂੰ ‘ਚੁੱਕਿਆ’ ਸੀ।
ਸ਼ੁੱਕਰਵਾਰ ਬਾਅਦ ਦੁਪਹਿਰ ਸੇਖੋਵਾਲ ਪਹੁੰਚ ਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਪਿੰਡ ਦੀ ਸਰਪੰਚ ਅਮਰੀਕ ਕੌਰ ਸਮੇਤ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਮਿਲੇ।
ਇਸ ਮੌਕੇ ਮੀਡੀਆ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ, ”ਅੱਜ ਮੈਂ ਉਚੇਚੇ ਤੌਰ ‘ਤੇ ਸੇਖੋਵਾਲ ਦੇ ਸਨਮਾਨਯੋਗ ਸਰਪੰਚ ਅਮਰੀਕ ਕੌਰ ਸਮੇਤ ਪੂਰੇ ਪਿੰਡ ਵਾਸੀਆਂ ਨੂੰ ਵਧਾਈ ਦੇਣ ਅਤੇ ਹੌਸਲਾ ਅਫਜਾਈ ਕਰਨ ਪਹੁੰਚਿਆਂ ਹਾਂ, ਜਿੰਨਾ ਨੇ ਸਰਕਾਰੀ ਗੁੰਡਾਗਰਦੀ ਅੱਗੇ ਗੋਡੇ ਟੇਕਣ ਦੀ ਥਾਂ ਪਿੰਡ ਦੇ ਲੋਕਾਂ ਅਤੇ ਪੰਚਾਇਤੀ ਅਧਿਕਾਰਾਂ ਦੀ ਰਾਖੀ ਕੀਤੀ ਹੈ।”
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਪਾਸੇ ਕੋਰੋਨਾ ਦੀ ਆੜ ‘ਚ ਲੋਕਾਂ ਨੂੰ ਦਫ਼ਤਰੀ ਸਮੇਂ ਦੌਰਾਨ ਸਾਧਾਰਨ ਕੰਮਾਂ-ਕਾਜਾਂ ਲਈ ਵੀ ਲਟਕਾਇਆ ਅਤੇ ਖੱਜਲਖੁਆਰੀ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਸੇਖੋਵਾਲ ਦੀ ਸਾਰੀ 400 ਏਕੜ ਜ਼ਮੀਨ ਨੂੰ ਪੱਕੇ ਤੌਰ ‘ਤੇ ਲੁੱਟਣ ਲਈ ਕੂੰਮਕਾਲਾਂ ਤਹਿਸੀਲ ਨੂੰ ਰਾਤ ਨੂੰ ਖੋਲ੍ਹ ਕੇ ਸਰਪੰਚ ਕੋਲੋਂ ਜ਼ਬਰਦਸਤੀ ‘ਰਜਿਸਟਰੀ’ ਕਰਾਉਣ ਦੀ ਨਾਪਾਕ ਕੋਸ਼ਿਸ਼ ਕੀਤੀ ਗਈ ਹੈ, ਜੋ ਬੇਹੱਦ ਨਿੰਦਣਯੋਗ ਕਾਰਵਾਈ ਹੈ।
ਹਰਪਾਲ ਸਿੰਘ ਚੀਮਾ ਨੇ ਪਿੰਡ ਦੀ ਪੰਚਾਇਤ ਅਤੇ ਲੋਕਾਂ ਸਮੇਤ ਆਮ ਆਦਮੀ ਪਾਰਟੀ ਅਤੇ ਹੋਰ ਸਮਾਜਿਕ ਸੰਗਠਨਾਂ ਦੇ ਉਨ੍ਹਾਂ ਸਾਰੇ ‘ਯੋਧਿਆਂ’ ਨੂੰ ਸਲੂਟ ਕਰਦਿਆਂ ਕਿਹਾ ਕਿ ਜੇਕਰ ਲੋਕ ਇੱਕਜੁੱਟ ਹੋਣ ਅਤੇ ਆਪਣੇ ਹੱਕਾਂ ਲਈ ਸੁਚੇਤ ਹੋਣ ਤਾਂ ਸਰਕਾਰੀ ਗੁੰਡਾਗਰਦੀ ਵੀ ਕੋਈ ਧੱਕੇਸ਼ਾਹੀ ਨਹੀਂ ਕਰ ਸਕਦੀ।
ਹਰਪਾਲ ਸਿੰਘ ਚੀਮਾ ਨੇ ਸੇਖੋਵਾਲ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸੇ ਤਰਾਂ ਡਟੇ ਰਹਿਣ ਕਿਉਂਕਿ ਇਸ ਮਾਫ਼ੀਆ ਸਰਕਾਰ ਕੋਲ ਸਿਰਫ਼ 17 ਮਹੀਨੇ ਬਚੇ ਹਨ। 2022 ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਪਿੰਡ ਵਾਸੀਆਂ ਨੂੰ ਅਜਿਹੀ ਬੇਇਨਸਾਫ਼ੀਆਂ ਨਾਲ ਜੂਝਣ ਦੀ ਜ਼ਰੂਰਤ ਨਹੀਂ ਰਹੇਗੀ।