ਸਰਕਾਰ ਦਾ ਅਪ੍ਰੇਸ਼ਨ ਨਾ ਕਰਨ ਦਾ ਫ਼ੈਸਲਾ ਲੋਕ ਵਿਰੋਧੀ-‘ਆਪ’
ਚੰਡੀਗੜ੍ਹ, 5 ਅਗਸਤ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਤੋਂ ਬਾਅਦ ਇੱਕ ਲੋਕ ਵਿਰੋਧੀ ਫ਼ੈਸਲੇ ਲੈ ਰਹੀ ਹੈ। ਜਿਸ ਨਾਲ ਕਾਂਗਰਸ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਇਹ ਫ਼ੈਸਲਾ ਕੋਰੋਨਾ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ 15 ਦਿਨ ਤਕ ਅਪ੍ਰੇਸ਼ਨ ਨਾ ਕਰਨ ਦੇ ਫ਼ੈਸਲੇ ਨੂੰ ਮੁੱਖ ਰੱਖਦਿਆਂ ਕੀਤੀ। ਬੁੱਧ ਰਾਮ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਹਰ ਰੋਜ਼ 10 ਅਪ੍ਰੇਸ਼ਨ ਜ਼ਿਲ੍ਹਾ ਪੱਧਰ ਅਤੇ ਦੋ ਤੋਂ ਪੰਜ ਅਪ੍ਰੇਸ਼ਨ ਸਬ ਡਵੀਜ਼ਨ ਪੱਧਰ ਦੇ ਹਸਪਤਾਲਾਂ ਵਿਚ ਬਹੁਤ ਹੀ ਮਾਮੂਲੀ ਫ਼ੀਸ ਲੈ ਕੇ ਕੀਤੇ ਜਾਂਦੇ ਹਨ, ਪਰੰਤੂ ਇਸ ਫ਼ੈਸਲੇ ਤੋਂ ਬਾਅਦ ਆਮ ਲੋਕ ਜੋ ਕਿ ਪਹਿਲਾਂ ਤੋਂ ਹੀ ਕੋਰੋਨਾ ਕਾਰਨ ਆਰਥਿਕ ਤੰਗੀ ਮਹਿਸੂਸ ਕਰ ਰਹੇ ਹਨ। ਉਹ ਹੁਣ ਨਿੱਜੀ ਹਸਪਤਾਲਾਂ ਵਿਚ ਮਹਿੰਗੇ ਇਲਾਜ ਲਈ ਮਜਬੂਰ ਹੋ ਜਾਣਗੇ।
ਪ੍ਰਿੰਸੀਪ ਬੁੱਧ ਰਾਮ ਨੇ ਪੰਜਾਬ ਸਰਕਾਰ ਨੂੰ ਆਪਣੇ ਇਸ ਲੋਕ ਵਿਰੋਧੀ ਫ਼ੈਸਲੇ ਨੂੰ ਵਾਪਸ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਅਪ੍ਰੇਸ਼ਨ ਕਰਨ ਵਾਲੇ ਸਰਜਨਾਂ ਮੁਤਾਬਿਕ ਉਨ੍ਹਾਂ ਦੀ ਡਿਊਟੀ ਕੋਰੋਨਾ ਕੇਸਾਂ ਵਿਚ ਨਹੀਂ ਲਗਾਈ ਗਈ। ਇਸ ਲਈ ਅਪ੍ਰੇਸ਼ਨ ਬੰਦ ਕਰਨ ਦੀ ਕੋਈ ਤੁਕ ਨਹੀਂ ਬਣਦੀ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਆਮ ਜਨਤਾ ਨੂੰ ਨਿੱਜੀ ਹਸਪਤਾਲਾਂ ਵੱਲ ਤੋਰਨ ਦੀ ਬਜਾਏ ਸਰਕਾਰ ਨੂੰ ਅਪ੍ਰੇਸ਼ਨ ਜਾਰੀ ਰੱਖਣੇ ਚਾਹੀਦੇ ਹਨ ਅਤੇ ਆਮ ਲੋਕਾਂ ‘ਤੇ ਆਰਥਿਕ ਬੋਝ ਨਾ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

English






