ਜਲ ਸਪਲਾਈ ਦੇ ਖੇਤਰ ਵਿਚ ਜ਼ਿਲਾ ਅੰਮਿ੍ਰਤਸਰ ਨੂੰ ਐਵਾਰਡ

news makahni
news makhani

  ਪੀਣ ਯੋਗ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੀਤੇ ਉਪਰਾਲਿਆਂ ਲਈ ਮਿਲੇਗਾ ਸਨਮਾਨ

  ਅੰਮਿ੍ਰਤਸਰ ਦੇ 12 ਲੱਖ ਪੇਂਡੂ ਵਸਨੀਕਾਂ ਨੂੰ ਜਲਦ ਮਿਲੇਗਾ ਸ਼ੁੱਧ ਪੀਣ ਯੋਗ ਪਾਣੀ

ਚੰਡੀਗੜ, 11 ਦਸੰਬਰ:

ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪੇਂਡੂ ਖੇਤਰਾਂ ਵਿਚ ਪੀਣ ਯੋਗ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਲਈ ਭਾਰਤ ਦੇ ਨਾਮੀਂ ‘ਸਕੋਚ ਗਰੁੱਪ‘ ਵੱਲੋਂ ਸਨਮਾਨ ਦਿੱਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਖੇਤਰ ਵਿਚ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮਿਸ਼ਨ ਤਹਿਤ ਜ਼ਿਲਾ ਅੰਮਿ੍ਰਤਸਰ ਵਿਖੇ ਪੇਂਡੂ ਖੇਤਰਾਂ ਵਿਚ ਪੀਣ ਯੋਗ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਵਿਸ਼ੇਸ਼ ਕਾਰਜ ਕੀਤੇ ਜਾ ਰਹੇ ਹਨ। ਜ਼ਿਲੇ ਦੇ ਆਰਸੈਨਿਕ ਪ੍ਰਭਾਵਿਤ 66 ਪਿੰਡਾਂ ਵਿਚ 18.53 ਕਰੋੜ ਰੁਪਏ ਦੀ ਲਾਗਤ ਨਾਲ ਆਰਸੈਨਿਕ ਟਰੀਟਮੈਂਟ ਪਲਾਂਟ ਲਗਾਏ ਜਾ ਚੁੱਕੇ ਹਨ।ਇਸ ਤੋਂ ਇਲਾਵਾ 37.85 ਕਰੋੜ ਰੁਪਏ ਦੀ ਲਾਗਤ ਨਾਲ 218 ਹੋਰ ਪਿੰਡਾਂ ਵਿਚ ਆਰਸੈਨਿਕ ਟਰੀਟਮੈਂਟ ਪਲਾਂਟ ਅਤੇ ਘਰੇਲੂ ਆਰਸੈਨਿਕ ਟਰੀਟਮੈਂਟ ਯੂਨਿਟ ਲਗਾਏ ਜਾ ਰਹੇ ਹਨ ।

ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲਾ ਅੰਮਿ੍ਰਤਸਰ ਵਿਚ 379 ਕਰੋੜ ਰੁਪਏ ਦੀ ਲਾਗਤ ਨਾਲ 4 ਨਹਿਰੀ ਪਾਣੀ ‘ਤੇ ਆਧਾਰਿਤ ਵੱਡੀਆਂ ਜਲ ਯੋਜਨਾਵਾਂ ਵੀ ਉਸਾਰੀਆਂ ਜਾ ਰਹੀਆਂ ਹਨ।ਇਨਾਂ ਯੋਜਨਾਵਾਂ ਨਾਲ ਜ਼ਿਲੇ ਦੇ 359 ਪਿੰਡਾਂ ਨੂੰ ਪੀਣ ਯੋਗ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਵੇਗਾ ।

ਬੁਲਾਰੇ ਅਨੁਸਾਰ ਇਨਾਂ ਸਾਰੇ ਉਪਰਾਲਿਆਂ ਦੇ ਮੁਕੰਮਲ ਹੋਣ ਤੋਂ ਬਾਅਦ ਜ਼ਿਲੇ ਦੇ ਤਕਰੀਬਨ 12 ਲੱਖ ਪੇਂਡੂ ਵਸਨੀਕਾਂ ਨੂੰ ਸ਼ੁੱਧ ਪੀਣ ਯੋਗ ਪਾਣੀ ਮਿਲੇਗਾ। ਉਨਾਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਹਰ ਘਰ ‘ਚ ਪਾਣੀ ਦਾ ਕੁਨੈਕਸ਼ਨ ਅਤੇ ਪਖਾਨੇ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਵਿਭਾਗ ਵੱਲੋਂ ਪੂਰੀ ਵਚਨਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ।

ਬੁਲਾਰੇ ਨੇ ਕਿਹਾ ਕਿ ਸ਼੍ਰੀਮਤੀ ਰਜ਼ੀਆ ਸੁਲਤਾਨਾ ਦੀ ਅਗਵਾਈ ਹੇਠ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਹਰੇਕ ਘਰ ਵਿੱਚ ਪੀਣ ਯੋਗ ਪਾਣੀ ਦੀ ਸਪਲਾਈ ਅਤੇ ਪਖ਼ਾਨਿਆਂ ਦੀ ਸਹੂਲਤ ਦੇਣ ਲਈ ਪੂਰੀ ਤਰਾਂ ਵਚਨਬੱਧ ਹੈ। ਉਹਨਾਂ ਅੱਗੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਨਵੀਂ ਦਿੱਲੀ ਦੀ ਨਾਮੀਂ ‘ਸਕੋਚ ਸੰਸਥਾ‘ ਵੱਲੋਂ ‘ਸਕੋਚ ਆਰਡਰ ਆਫ ਮੈਰਿਟ ਐਵਾਰਡ‘ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਐਵਾਰਡ 16 ਜਨਵਰੀ, 2021 ਨੂੰ ਆਨਲਾਈਨ ਪ੍ਰਦਾਨ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜਨ ਸਿਹਤ ਨਾਲ ਸਬੰਧਤ ਇਨਾਂ ਉਪਰਾਲਿਆਂ ਨੂੰ ਭਵਿੱਖ ਵਿਚ ਹੋਰ ਤੇਜ਼ ਕੀਤਾ ਜਾਵੇਗਾ।

ਐਸ.ਈ. ਸ੍ਰੀ ਜੇ.ਐਸ. ਚਾਹਲ, ਈ.ਈ. ਸ੍ਰੀ ਪੁਨੀਤ ਭਸੀਨ ਅਤੇ ਈ.ਈ. ਚਰਨਦੀਪ ਸਿੰਘ ਦੀ ਟੀਮ ਨੂੰ ਜ਼ਿਲੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਸਬੰਧੀ ਮੁੱਦਿਆਂ ਦੇ ਹੱਲ ਲਈ ਵੱਡੇ ਪੱਧਰ ‘ਤੇ ਕੀਤੇ ਉਪਰਾਲਿਆਂ ਲਈ ਵਧਾਈ ਦਿੰਦਿਆਂ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਉਨਾਂ ਦੇ ਅਣਥੱਕ ਯਤਨਾਂ ਸਦਕਾ ਵਿਭਾਗ ਸਕੋਚ ਆਰਡਰ ਆਫ਼ ਮੈਰਿਟ ਐਵਾਰਡ ਹਾਸਲ ਕਰਨ ਵਿਚ ਕਾਮਯਾਬ ਹੋਇਆ ਹੈ।

———