ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਆਨਲਾਈਨ ਜੁਲਾਈ ਪ੍ਰੀਖਿਆਵਾਂ ਬਹੁਤ ਅਹਿਮ- ਜਿਲ੍ਹਾ ਅਧਿਕਾਰੀ।

ਅਪ੍ਰੈਲ ਅਤੇ ਮਈ ਦੇ ਸਿਲੇਬਸ ਤੇ ਅਧਾਰਿਤ ਹੋਵੇਗੀ ਜੁਲਾਈ ਪ੍ਰੀਖਿਆ।
ਸਲਾਨਾ ਪ੍ਰੀਖਿਆਵਾਂ ਦੌਰਾਨ ਸੀ.ਸੀ.ਈ ਅੰਕਾਂ ਵਿੱਚ ਸਾਮਲ ਹੋਣਗੇ ਜੁਲਾਈ ਪੇਪਰਾਂ ਦੇ ਅੰਕ।
ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਮਾਪਿਆਂ ਨੂੰ ਵੀ ਕੀਤੀ ਅਪੀਲ।
ਪਠਾਨਕੋਟ, 28 ਜੂਨ 2021 ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਮੌਜ਼ੂਦਾ ਵਿੱਦਿਅਕ ਸੈਸ਼ਨ ਦੀ ਆਨਲਾਈਨ ਪੜ੍ਹਾਈ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਜੁਲਾਈ ਮਹੀਨੇ ਆਨਲਾਈਨ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ, ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਜੁਲਾਈ ਮਹੀਨੇ ਆਨਲਾਈਨ ਪ੍ਰੀਖਿਆ ਕਰਵਾਈ ਜਾ ਰਹੀ ਹੈ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕੀ 5 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਇਹਨਾਂ ਪ੍ਰੀਖਿਆਵਾਂ ਲਈ ਬਕਾਇਦਾ ਡੇਟਸ਼ੀਟ ਜਾਰੀ ਕੀਤੀ ਜਾ ਚੁੱਕੀ ਹੈ।ਸਿੱਖਿਆ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਪਾਬੰਦੀਆਂ ਦੇ ਚਲਦਿਆਂ ਵਿਦਿਆਰਥੀਆਂ ਲਈ ਸਕੂਲ ਬੰਦ ਹੋਣ ਦੇ ਬਾਵਜੂਦ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਸੋਸ਼ਲ ਮੀਡੀਆ ਦੇ ਵੱਖ ਵੱਖ ਸਾਧਨਾਂ ਅਤੇ ਟੈਲੀਵਿਜ਼ਨ ਜਰੀਏ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਅਧਿਆਪਕਾਂ ਵੱਲੋਂ ਰੋਜ਼ਾਨਾ ਆਨਲਾਈਨ ਜਮਾਤਾਂ ਲਗਾ ਕੇ ਵਿਦਿਆਰਥੀਆਂ ਨੂੰ ਪਾਠਕ੍ਰਮ ਕਰਵਾਇਆ ਜਾ ਰਿਹਾ ਹੈ।ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਦਾ ਕੰਮ ਕਾਪੀਆਂ ਉੱਪਰ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਤਿਆਰ ਲੈਕਚਰ ਦੂਰਦਰਸ਼ਨ ਦੇ ਖੇਤਰੀ ਚੈਨਲ ਡੀ.ਡੀ ਪੰਜਾਬੀ ਤੋਂ ਪ੍ਰਸਾਰਿਤ ਕਰਵਾ ਕੇ ਵੀ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖੀ ਜਾ ਰਹੀ ਹੈ। ਵਿਭਾਗ ਵੱਲੋਂ ਰੋਜ਼ਾਨਾ ਸਲਾਈਡਾਂ ਦੇ ਰੂਪ ਵਿੱਚ ਵੀ ਵਿਦਿਆਰਥੀਆਂ ਲਈ ਸਿੱਖਣ ਸਮੱਗਰੀ ਭੇਜੀ ਜਾ ਰਹੀ ਹੈ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਜੂਨ ਮਹੀਨੇ ਦੀਆਂ ਛੁੱਟੀਆਂ ਤੋਂ ਪਹਿਲਾਂ ਅਧਿਆਪਕਾਂ ਵੱਲੋਂ ਆਪੋ ਆਪਣੇ ਵਿਸ਼ਿਆਂ ਦਾ ਅਪ੍ਰੈਲ ਅਤੇ ਮਈ ਮਹੀਨਿਆਂ ਦਾ ਪਾਠਕ੍ਰਮ ਵਿਦਿਆਰਥੀਆਂ ਨੂੰ ਕਰਵਾ ਦਿੱਤਾ ਗਿਆ ਸੀ। ਵਿਦਿਆਰਥੀਆਂ ਨੂੰ ਛੁੱਟੀਆਂ ਦੌਰਾਨ ਵੀ ਪੜ੍ਹਾਈ ਨਾਲ ਜੋੜੀ ਰੱਖਣ ਲਈ ਜੂਨ ਮਹੀਨੇ ਦੌਰਾਨ ਵੀ ਦੂਰਦਰਸ਼ਨ ਤੋਂ ਦੁਹਰਾਈ ਲੈਕਚਰਾਂ ਦਾ ਪ੍ਰਸਾਰਣ ਜਾਰੀ ਰੱਖਿਆ ਗਿਆ। ਵਿਭਾਗ ਵੱਲੋਂ ਸੈਸ਼ਨ ਦੀ ਪੜ੍ਹਾਈ ਨੂੰ ਬਕਾਇਦਾ ਰੂਪ ਵਿੱਚ ਅੱਗੇ ਵਧਾਉਣ ਦੇ ਮਨੋਰਥ ਨਾਲ ਅਪ੍ਰੈਲ ਅਤੇ ਮਈ ਮਹੀਨਿਆਂ ਦੇ ਪਾਠਕ੍ਰਮ ‘ਤੇ ਆਧਾਰਿਤ ਜੁਲਾਈ ਮਹੀਨੇ ਆਨਲਾਈਨ ਪ੍ਰੀਖਿਆ ਕਰਵਾਈ ਜਾ ਰਹੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਉਹਨਾਂ ਵੱਲੋਂ ਕੀਤੀ ਹੁਣ ਤੱਕ ਦੀ ਪੜ੍ਹਾਈ ਦੇ ਆਪਣੇ ਪ੍ਰਾਪਤੀ ਪੱਧਰ ਬਾਰੇ ਪਤਾ ਲੱਗ ਸਕੇ। ਇਸ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਨੂੰ ਸਾਲਾਨਾ ਪ੍ਰੀਖਿਆਵਾਂ ਦੌਰਾਨ ਲਗਾਏ ਜਾਣ ਵਾਲੇ ਸੀ.ਸੀ.ਈ ਅੰਕਾਂ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇਹਨਾਂ ਪ੍ਰੀਖਿਆਵਾਂ ਨੂੰ ਗੰਭੀਰਤਾ ਨਾਲ ਲੈਂਂਦਿਆਂ ਸਾਰੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦੇਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਸਿੱਖਿਆ ਅਧਿਕਾਰੀਆਂ ਨੇ ਮਾਪਿਆਂ ਨੂੰ ਵੀ ਆਨਲਾਈਨ ਪ੍ਰੀਖਿਆਵਾਂ ਵਿੱਚ ਆਪੋ ਆਪਣੇ ਬੱਚਿਆਂ ਦੀ ਸੌ ਫੀਸਦੀ ਹਾਜ਼ਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਜਿਲ੍ਹਾ ਮੈਂਟਰ ਵਿਗਿਆਨ ਸੰਜੀਵ ਸਰਮਾ, ਜਿਲ੍ਹਾ ਮੈਂਟਰ ਅੰਗਰੇਜ਼ੀ/ਸਮਾਜਿਕ ਸਿੱਖਿਆ ਸਮੀਰ ਸਰਮਾ ਅਤੇ ਜਿਲ੍ਹਾ ਮੈਂਟਰ ਗਣਿਤ ਅਮਿਤ ਵਸਸਿਟ ਨੇ ਕਿਹਾ ਕਿ ਇਸ ਪ੍ਰੀਖਿਆ ਨਾਲ ਜਿੱਥੇ ਵਿਦਿਆਰਥੀਆਂ ਨੂੰ ਆਪਣੇ ਵਿੱਦਿਅਕ ਪੱਧਰ ਦਾ ਪਤਾ ਲੱਗੇਗਾ,ਉੱਥੇ ਹੀ ਅਧਿਆਪਕਾਂ ਨੂੰ ਵੀ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਆਨਲਾਈਨ ਪੜ੍ਹਾਈ ਦੀ ਅਗਲੀ ਰੂਪਰੇਖਾ ਬਣਾਉਣੀ ਸੌਖੀ ਹੋ ਜਾਵੇਗੀ। ਇਸ ਮੌਕੇ ਤੇ ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਡੀਐਸਐਮ ਬਲਵਿੰਦਰ ਸੈਣੀ, ਬੀਪੀਈਓ ਰਾਕੇਸ ਕੁਮਾਰ, ਬੀਪੀਈਓ ਕੁਲਦੀਪ ਸਿੰਘ, ਬੀਪੀਈਓ ਰਿਸਮਾਂ ਦੇਵੀ, ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਬਿ੍ਰਜ ਰਾਜ ਆਦਿ ਹਾਜਰ ਸਨ।