ਸਕੂਲ ਸਿੱਖਿਆ ਦਰਜਾਬੰਦੀ ਵਿੱਚ ਸਰਵੋਤਮ ਪੰਜਾਬ ਦੀ ਪ੍ਰਾਪਤੀ ਅਤੇ ਵਿਦਿਆਰਥੀਆਂ ਦੀ ਪ੍ਰਗਤੀ ਰਿਪੋਰਟ ਸਾਂਝਾ ਕਰਨਾ ਚਰਚਾ ਦਾ ਹੋਵੇਗਾ ਮੁੱਖ ਵਿਸ਼ਾ
ਪਟਿਆਲਾ 29 ਜੂਨ 2021
ਸਕੂਲ ਸਿੱਖਿਆ ਵਿਭਾਗ ਦੀਆਂ ਵਿੱਦਿਅਕ ਸਰਗਰਮੀਆਂ ਤਹਿਤ ਸਰਕਾਰੀ ਸਕੂਲਾਂ ‘ਚ 1 ਤੇ 2 ਜੁਲਾਈ ਨੂੰ ਮਾਪੇ-ਅਧਿਆਪਕ ਮਿਲਣੀਆਂ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਦੇ ਆਦੇਸ਼ ਅਨੁਸਾਰ ਕਰੋਨਾ ਮਹਾਂਮਾਰੀ ਦੌਰਾਨ ਵੀ ਆਨਲਾਈਨ ਪੜ੍ਹਾਈ ਨਾਲ ਨਿਰੰਤਰ ਜੁੜੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਰਿਪੋਰਟ ਸਾਂਝਾ ਕਰਨ ਲਈ 1 ਅਤੇ 2 ਜੁਲਾਈ ਨੂੰ ਮਾਪੇ-ਅਧਿਆਪਕ ਮਿਲਣੀਆਂ ਕਰਵਾਈਆਂ ਜਾ ਰਹੀਆਂ ਹਨ।
ਇਸ ਦੇ ਨਾਲ ਹੀ ਮਿਲਣੀਆਂ ਰਾਹੀਂ ਦੇਸ਼ ਭਰ ‘ਚੋਂ ਸਕੂਲ ਸਿੱਖਿਆ ਦੇ ਖੇਤਰ ‘ਚ ਪੰਜਾਬ ਦੇ ਅੱਵਲ ਰਹਿਣ ਦੀ ਮਾਣਮੱਤੀ ਪ੍ਰਾਪਤੀ ਬਾਰੇ ਮਾਪਿਆਂ ਜਾਣੂ ਕਰਵਾਇਆ ਜਾਵੇਗਾ। ਮਿਲਣੀਆਂ ਦਾ ਤੀਸਰਾ ਟੀਚਾ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਸਹਿਯੋਗ ਕਰਨ ਵਾਲੇ ਪਤਵੰਤਿਆਂ ਦਾ ਧੰਨਵਾਦ ਕਰਨਾ ਅਤੇ ਭਵਿੱਖ ਵਿੱਚ ਵੀ ਸਰਕਾਰੀ ਸਕੂਲਾਂ ਨਾਲ ਇਵੇਂ ਹੀ ਤਾਲਮੇਲ ਬਣਾਈ ਰੱਖਣ ਲਈ ਪ੍ਰੇਰਿਤ ਕਰਨਾ ਹੋਵੇਗਾ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਲਈ ਵਿਭਾਗ ਵੱਲੋਂ ਰੋਜ਼ਾਨਾ ਸਲਾਈਡਾਂ, ਟੀ ਵੀ ਜਮਾਤਾਂ ਆਦਿ ਦੀ ਉਪਲਬਧਤਾ ਕਰਵਾਈ ਗਈ। ਛੁੱਟੀਆਂ ਤੋਂ ਬਾਅਦ ਹੁਣ ਹੋਰ ਵੀ ਯੋਜਨਾਬੱਧ ਢੰਗਾਂ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਲਗਾਤਾਰਤਾ ਬਣਾਏ ਰੱਖਣ, ਵਿਦਿਆਰਥੀਆਂ ਦੇ ਮਾਪਿਆਂ ਨੂੰ ਵਿਭਾਗ ਵੱਲੋਂ ਅਧਿਆਪਕਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਉੱਦਮਾਂ ਅਤੇ ਪੜ੍ਹਾਈ ਲਈ ਉਪਲਬਧ ਸਾਧਨਾਂ ਬਾਰੇ ਜਾਣੂ ਕਰਵਾਉਣ ਅਤੇ ਅਧਿਆਪਕਾਂ-ਮਾਪਿਆਂ ਵਿੱਚ ਤਾਲਮੇਲ ਵਧਾਉਣਾ ਵੀ ਮਾਪੇ-ਅਧਿਆਪਕ ਮਿਲਣੀ ਦਾ ਇੱਕ ਏਜੰਡਾ ਹੋਵੇਗਾ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਪੇ-ਅਧਿਆਪਕ ਮਿਲਣੀ ਵਿੱਚ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਪੰਚਾਇਤ ਮੈਂਬਰਾਂ, ਐੱਸ.ਐੱਮ.ਸੀ . ਮੈਂਬਰਾਂ ਅਤੇ ਹੋਰ ਪਤਵੰਤੇ ਸੱਜਣਾਂ ਤੱਕ ਪਹੁੰਚ ਕਰਨ ਦਾ ਟੀਚਾ ਮਿਥਿਆ ਗਿਆ ਹੈ। ਅੱਪਰ ਪ੍ਰਾਇਮਰੀ ਜਮਾਤਾਂ ਦੀਆਂ 5 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਮਾਪਿਆਂ ਨਾਲ ਸਾਂਝੀ ਕਰਨਾ, ਅਧਿਆਪਕਾਂ ਵੱਲੋਂ ਆਪਣੇ ਪੱਧਰ ‘ਤੇ ਲਗਾਈਆਂ ਜਾ ਰਹੀਆਂ ਆਨਲਾਈਨ ਜਮਾਤਾਂ ਦੀ ਸਮਾਂ-ਸਾਰਣੀ ਦੀ ਜਾਣਕਾਰੀ ਦੇਣਾ, ਟੀ ਵੀ ਜਮਾਤਾਂ ਦੇ ਸ਼ਡਿਊਲ ਬਾਰੇ ਮਾਪਿਆਂ ਨੂੰ ਜਾਣਕਾਰੀ ਦੇ ਕੇ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣਾ, ਜੁਲਾਈ ਮਹੀਨੇ ਦੌਰਾਨ ਕਰਵਾਏ ਜਾਣ ਵਾਲੇ ਸਿਲੇਬਸ ਬਾਰੇ ਜਾਣੂ ਕਰਵਾਉਣਾ, ਵਿਦਿਆਰਥੀਆਂ ਦੇ ਅਭਿਆਸ ਲਈ ਵਿਭਾਗ ਵੱਲੋਂ ਲਗਾਤਾਰ ਭੇਜੇ ਜਾ ਰਹੇ ਸਪਲੀਮੈਂਟਰੀ ਸਮਗਰੀ, ਰੋਜ਼ਾਨਾ ਹੋਮ ਵਰਕ, ਅਭਿਆਸ ਸ਼ੀਟਾਂ, ਰੋਜ਼ਾਨਾ ਸਲਾਈਡਾਂ ਅਤੇ ਮੁਲਾਂਕਣ ਸ਼ੀਟਾਂ ਆਦਿ ਏਜੰਡਿਆਂ ਸਬੰਧੀ ਵੀ ਸਾਰਿਆਂ ਨੂੰ ਲਾਜ਼ਮੀ ਤੌਰ ‘ਤੇ ਜਾਣੂ ਕਰਵਾਇਆ ਜਾਵੇਗਾ। ਵਿਭਾਗ ਵੱਲੋਂ ਕੋਵਿਡ-19 ਤੋਂ ਸੁਰੱਖਿਆ ਦੇ ਮੱਦੇਨਜ਼ਰ ਮਾਪੇ-ਅਧਿਆਪਕ ਮਿਲਣੀ ਫ਼ੋਨ ਕਾਲ/ਵੀਡੀਓ ਕਾਲ ਰਾਹੀਂ ਆਨਲਾਈਨ ਕਰਵਾਉਣ ਦੀ ਵੀ ਹਦਾਇਤ ਕੀਤੀ ਗਈ ਹੈ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਮੁਖੀ, ਅਧਿਆਪਕ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਮੈਂਬਰ, ਪੋਸਟਰਾਂ ਰਾਹੀਂ ਆਡੀਓ/ਵੀਡੀਓ ਅਤੇ ਲਿਖਤੀ ਸੁਨੇਹਿਆਂ ਤੋਂ ਇਲਾਵਾ ਸਾਂਝੀਆਂ ਥਾਵਾਂ ਤੋਂ ਅਨਾਊਂਸਮੈਂਟ ਕਰਵਾ ਕੇ ਸਬੰਧਿਤ ਨੂੰ ਅਗਾਊਂ ਤੌਰ ‘ਤੇ ਜਾਣੂ ਕਰਵਾਉਣਗੇ।

English






