-ਗੱਜਣਮਾਜਰਾ, ਨਰੇਸ਼ ਕਟਾਰੀਆ, ਚੌਧਰੀ ਰਮੇਸ਼, ਖਿੰਡਾ ਅਤੇ ਸਮਾਜ ਸੇਵੀ ਮੇਘਵਾਲ ਹੋਏ ‘ਆਪ’ ‘ਚ ਸ਼ਾਮਲ
-ਭਗਵੰਤ ਮਾਨ, ਹਰਪਾਲ ਸਿੰਘ ਚੀਮਾ, ਜਰਨੈਲ ਸਿੰਘ ਅਤੇ ਬੀਬੀ ਮਾਣੂੰਕੇ ਨੇ ਕੀਤਾ ਸਵਾਗਤ
ਲੁਧਿਆਣਾ, 17 ਅਗਸਤ 2020
ਆਮ ਆਦਮੀ ਪਾਰਟੀ (ਆਪ) ‘ਚ ਸੋਮਵਾਰ ਨੂੰ ਕਾਂਗਰਸ, ਅਕਾਲੀ ਦਲ (ਬਾਦਲ) ਅਤੇ ਲੋਕ ਇਨਸਾਫ਼ ਪਾਰਟੀ ਨਾਲ ਸੰਬੰਧਿਤ ਅੱਧੀ ਦਰਜਨ ਨਾਮਵਰ ਆਗੂ ਅਤੇ ਸਮਾਜ ਸੇਵੀ ਰਸਮੀ ਤੌਰ ‘ਤੇ ਸ਼ਾਮਲ ਹੋ ਗਏ।
‘ਆਪ’ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ, ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਲੋਕ ਇਨਸਾਫ਼ ਪਾਰਟੀ (ਲਿਪ) ਦੇ ਸਕੱਤਰ ਜਨਰਲ ਜਸਵੰਤ ਸਿੰਘ ਗੱਜਣਮਾਜਰਾ, ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆ, ਪਠਾਨਕੋਟ ਨਾਲ ਸੰਬੰਧਿਤ ਕਾਂਗਰਸ ਦੇ ਸੀਨੀਅਰ ਆਗੂ ਚੌਧਰੀ ਰਮੇਸ਼, ਅਕਾਲੀ ਦਲ (ਬਾਦਲ) ਦੇ ਮਾਲਵਾ ਜ਼ੋਨ ਦੇ ਬੀਸੀ ਵਿੰਗ ਦੇ ਪ੍ਰਧਾਨ ਸ਼ਮਿੰਦਰ ਸਿੰਘ ਖਿੰਡਾ ਅਤੇ ਉੱਘੇ ਸਮਾਜ ਸੇਵੀ ਸੰਘ ਦੇ ਜਨਰਲ ਸਕੱਤਰ ਰਮੇਸ਼ ਮੇਘਵਾਲ (ਬੱਲੂਆਣਾ) ਅਤੇ ਉਨ੍ਹਾਂ ਦੇ ਸਮਰਥਕਾਂ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਰਸਮੀ ਸ਼ਮੂਲੀਅਤ ਕਰਵਾਈ ਅਤੇ ਜ਼ੋਰਦਾਰ ਸਵਾਗਤ ਕੀਤਾ।
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਦੇ ਪਰਿਵਾਰ ‘ਚ ਹਰ ਰੋਜ਼ ਵਾਧਾ ਹੋਣਾ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਲੋਕਾਂ ਦੇ ਨਾਲ-ਨਾਲ ਕਾਂਗਰਸ, ਅਕਾਲੀ-ਭਾਜਪਾ ਅਤੇ ਹੋਰ ਪਾਰਟੀਆਂ ਦੇ ਪੰਜਾਬ ਪ੍ਰਤੀ ਚਿੰਤਾ ਰੱਖਣ ਵਾਲੇ ਆਗੂਆਂ ‘ਚ ਭਾਰੀ ਬੇਚੈਨੀ ਹੈ ਅਤੇ ਉਨ੍ਹਾਂ ਨੂੰ ਕੇਜਰੀਵਾਲ ਦਾ ਲੋਕ ਪੱਖੀ, ਇਮਾਨਦਾਰ ਅਤੇ ਵਿਕਾਸ ਮਾਡਲ ਹੀ ਇੱਕੋ ਇੱਕ ਉਮੀਦ ਵਜੋਂ ਦਿਖਾਈ ਦਿੰਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਬਿਨਾ ਕਿਸੇ ਸ਼ਰਤ ਅਤੇ ਲੋਭ-ਲਾਲਚ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਵਾਲੇ ਇਨ੍ਹਾਂ ਆਗੂਆਂ ਦੇ ਮਨਾਂ ‘ਚ ਪੰਜਾਬ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਦਰਦ ਹੈ। ਮਾਨ ਨੇ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਪੰਜਾਬ ‘ਚੋਂ ਮਾਫ਼ੀਆ ਰਾਜ ਅਤੇ ਪਰਿਵਾਰਪ੍ਰਸਤ ਭ੍ਰਿਸ਼ਟਾਚਾਰੀ ਨਿਜ਼ਾਮ ਨੂੰ ਜੜ੍ਹੋਂ ਪੁੱਟਣ ਲਈ ਆਮ ਆਦਮੀ ਪਾਰਟੀ ਦਾ ਸਾਥ ਦੇਣ।
ਇਸ ਮੌਕੇ ਜਰਨੈਲ ਸਿੰਘ ਅਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੂਰੇ ਪੰਜਾਬ ਅਤੇ ਦੁਨੀਆ ਭਰ ‘ਚ ਵੱਸਦੇ ਪੰਜਾਬੀਆਂ ਨੂੰ ਸਿਰਫ਼ ਆਮ ਆਦਮੀ ਪਾਰਟੀ ਤੋਂ ਹੀ ਉਮੀਦਾਂ ਹਨ, ਕਿਉਂਕਿ ਅਰਵਿੰਦ ਕੇਜਰੀਵਾਲ ਸਰਕਾਰ ਨੇ ਫਰਵਰੀ 2020 ਦੀਆਂ ਵੋਟਾਂ ਦੌਰਾਨ ਚੋਣ ਮੈਨੀਫੈਸਟੋ ਦੇ ਸਾਰੇ ਵਾਅਦੇ ਪੂਰੇ ਕਰਕੇ ਕੰਮ ਦੀ ਰਾਜਨੀਤੀ ਦੇ ਨਾਂ ‘ਤੇ ਵੋਟਾਂ ਮੰਗੀਆਂ ਅਤੇ ਲੋਕਾਂ ਨੇ ਪ੍ਰਚੰਡ ਬਹੁਮਤ ਦੇ ਕੇ ‘ਆਪ’ ਦੇ ਵਿਕਾਸ ਮਾਡਲ ‘ਤੇ ਮੋਹਰ ਲਗਾਈ, ਦੂਜੇ ਪਾਸੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਵਾਅਦੇ ਕਰਨ ਵਾਲਾ ਰਾਜਾ ਅਮਰਿੰਦਰ ਸਿੰਘ ਸਾਰੇ ਵਾਅਦੇ ਮੁੱਕਰ ਗਿਆ ਅਤੇ ਪੰਜਾਬ ਨੂੰ ਹੋਰ ਬਰਬਾਦ ਕਰ ਦਿੱਤਾ।
ਇਸ ਮੌਕੇ ਵਿਧਾਇਕ ਮੀਤ ਹੇਅਰ, ਗੈਰੀ ਵੜਿੰਗ, ਸੁਰੇਸ਼ ਗੋਇਲ, ਨਵਦੀਪ ਸਿੰਘ ਸੰਘਾ, ਨਵਜੋਤ ਸਿੰਘ ਜਰਗ, ਰਵਿੰਦਰ ਭੱਲਾ ਅਤੇ ਹੋਰ ਆਗੂ ਵੀ ਮੌਜੂਦ ਸਨ।

English






