100 ਕਰੋੜ ਦੇ ਜੀਐਸਟੀ ਘੁਟਾਲੇ ‘ਚ ‘ਆਪ’ ਨੇ ਮੰਗਿਆ ਮੁੱਖ ਮੰਤਰੀ ਦਾ ਅਸਤੀਫ਼ਾ

Aman Arora Aap punjab

-ਪੰਜਾਬ ਦੇ ਖ਼ਜ਼ਾਨੇ ‘ਤੇ ਭਾਰੀ ਪੈ ਰਹੀ ਹੈ ‘ਫਾਰਮ ਹਾਊਸ’ ਤੋਂ ਚੱਲ ਰਹੀ ‘ਸ਼ਾਹੀ ਸਰਕਾਰ’ – ਪ੍ਰਿੰਸੀਪਲ ਬੁੱਧ ਰਾਮ

ਚੰਡੀਗੜ੍ਹ,  22 ਅਗਸਤ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਮੀਤ ਹੇਅਰ, ਰੁਪਿੰਦਰ ਕੋਰ ਰੂਬੀ, ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਮਾਸਟਰ ਬਲਦੇਵ ਸਿੰਘ (ਸਾਰੇ ਵਿਧਾਇਕ) ਨੇ ਕਰ ਅਤੇ ਆਬਕਾਰੀ ਮਹਿਕਮੇ ‘ਚ 100 ਕਰੋੜ ਦੀ ਟੈਕਸ ਚੋਰੀ ਘੁਟਾਲੇ ‘ਚ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਅਸਤੀਫ਼ਾ ਮੰਗਿਆ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ‘ਆਪ’ ਵਿਧਾਇਕਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕਾਬਲੀਅਤ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕਾਂਗਰਸ ਦੀ ਸਰਕਾਰ ਦਾ ਸਟੇਅਰਿੰਗ ਬੇਸ਼ੱਕ ਰਾਜਾ ਅਮਰਿੰਦਰ ਸਿੰਘ ਦੇ ਹੱਥ ਹੈ, ਪਰੰਤੂ ਰਿਮੋਟ ਕੰਟਰੋਲ ਮਾਫ਼ੀਆ ਅਤੇ ਭ੍ਰਿਸ਼ਟਾਚਾਰੀਆਂ ਦੇ ਹੱਥ ‘ਚ ਹੈ।
ਪ੍ਰਿੰਸੀਪਲ ਬੁੱਧ ਰਾਮ ਅਤੇ ਮੀਤ ਹੇਅਰ ਨੇ ਕਿਹਾ ਕਿ ਕਰ ਅਤੇ ਆਬਕਾਰੀ ਮਹਿਕਮਾ ਮੁੱਖ ਮੰਤਰੀ ਨੇ ਆਪਣੇ ਕੋਲ ਰੱਖਿਆ ਹੋਇਆ ਹੈ, ਪਰੰਤੂ ਮਹਿਕਮੇ ‘ਚ ਭ੍ਰਿਸ਼ਟਾਚਾਰ ਗੈਂਗ ਨੂੰ ਖੁੱਲ੍ਹੀ ਛੂਟ ਦੇ ਰੱਖੀ ਹੈ।
‘ਆਪ’ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਵਿਭਾਗ ‘ਚ ਅਫ਼ਸਰਾਂ ਅਤੇ ਦਲਾਲਾਂ ਦੀ ਮਿਲੀਭੁਗਤ ਨਾਲ ਸਰਕਾਰੀ ਖ਼ਜ਼ਾਨੇ ਨੂੰ 100 ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲੱਗਣ ਨਾਲ ਜਿੱਥੇ ਅਮਰਿੰਦਰ ਸਿੰਘ ਦੀ ਨਾਕਾਮੀ ਸਾਬਤ ਹੁੰਦੀ ਹੈ, ਉੱਥੇ ਇਸ ਗਿਰੋਹ ਦੀਆਂ ਤਾਰਾਂ ਉੱਪਰ ਤੱਕ ਹੋਣ ਦੇ ਸੰਕੇਤ ਸਪਸ਼ਟ ਹਨ। ਇਸ ਲਈ ਘੁਟਾਲੇ ਦੀ ਸਮਾਂਬੱਧ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਕਰਵਾਈ ਜਾਵੇ।
ਰੁਪਿੰਦਰ ਕੌਰ ਰੂਬੀ, ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ‘ਰਾਜਾ ਸ਼ਾਹੀ’ ਜੀਵਨ ਸ਼ੈਲੀ ਅਤੇ ਮਾਫ਼ੀਏ ਦੇ ਪ੍ਰਭਾਵ ਨੇ ਅਮਰਿੰਦਰ ਸਿੰਘ ਨੂੰ ਇੱਕ ਕਮਜ਼ੋਰ ਅਤੇ ਨਿਕੰਮਾ ਸ਼ਖ਼ਸ ਬਣਾ ਦਿੱਤਾ ਹੈ ਅਤੇ ਫਾਰਮ ਹਾਊਸ ਤੋਂ ਸ਼ਾਹੀ ਅੰਦਾਜ਼ ‘ਚ ਚੱਲਦੀ ਸਰਕਾਰ ਪੰਜਾਬ ਦੇ ਲੋਕਾਂ ਅਤੇ ਖ਼ਜ਼ਾਨੇ ‘ਤੇ ਭਾਰੀ ਪੈ ਰਹੀ ਹੈ, ਇਸ ਲਈ ਮੁੱਖ ਮੰਤਰੀ ਨੂੰ ਨੈਤਿਕ ਆਧਾਰ ‘ਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।