400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲਿਆਂ ’ਚ ਜ਼ਿਲੇ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

sikh

ਜ਼ਿਲਾ ਬਰਨਾਲਾ ਭਾਸ਼ਣ ਮੁਕਾਬਲੇ ’ਚ ਬਲਾਕਾਂ ਦੀ ਔਸਤਨ ਸ਼ਮੂਲੀਅਤ ਪੱਖੋਂ ਸੂਬੇ ਵਿੱਚੋਂ ਅੱਵਲ
ਬਰਨਾਲਾ, 24 ਅਗਸਤ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਕਰਵਾਏ ਜਾ ਰਹੇ ਵਿਦਿਅਕ ਮੁਕਾਬਲਿਆਂ ’ਚ ਜ਼ਿਲੇ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਜਾ ਰਹੀਆਂ ਹਨ।
ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਅਤੇ ਸਕੱਤਰ ਸ੍ਰੀ ਕਿ੍ਰਸ਼ਨ ਕੁਮਾਰ ਦੀ ਅਗਵਾਈ ਹੇਠ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਾਏ ਜਾ ਰਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਚਾਰ ਵੰਨਗੀਆਂ ਦੇ ਵਿੱਦਿਅਕ ਮੁਕਾਬਲੇ ਸੰਪੂਰਨ ਹੋ ਚੁੱਕੇ ਹਨ। ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਸਰਬਜੀਤ ਸਿੰਘ ਤੂਰ ਨੇ ਦੱਸਿਆ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ 91 ਵਿਦਿਆਰਥੀਆਂ ਨੇ ਸ਼ਬਦ ਗਾਇਨ, 349 ਵਿਦਿਆਰਥੀਆਂ ਨੇ ਗੀਤ ਮੁਕਾਬਲੇ, 843 ਵਿਦਿਆਰਥੀਆਂ ਨੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਅਤੇ 1004 ਵਿਦਿਆਰਥੀਆਂ ਨੇ ਭਾਸ਼ਣ ਮੁਕਾਬਲੇ ਵਿੱਚ ਭਾਗ ਲਿਆ ਹੈ। ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਮਨਿੰਦਰ ਕੌਰ ਨੇ ਦੱਸਿਆ ਕਿ ਪ੍ਰਾਇਮਰੀ ਜਮਾਤਾਂ ਦੇ 96 ਵਿਦਿਆਰਥੀਆਂ ਨੇ ਸ਼ਬਦ ਗਾਇਨ ਮੁਕਾਬਲੇ ਵਿੱਚ, 275 ਵਿਦਿਆਰਥੀਆਂ ਨੇ ਗੀਤ ਮੁਕਾਬਲੇ ਵਿੱਚ, 351 ਵਿਦਿਆਰਥੀਆਂ ਨੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਅਤੇ 220 ਵਿਦਿਆਰਥੀਆਂ ਨੇ ਭਾਸ਼ਣ ਮੁਕਾਬਲੇ ਵਿੱਚ ਭਾਗ ਲਿਆ।
ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਅਤੇ ਉਪ ਜ਼ਿਲਾ ਸਿੱਖਿਆ ਐਲੀਮੈਂਟਰੀ ਸ੍ਰੀਮਤੀ ਵਸੁੰਧਰਾ ਨੇ ਦੱਸਿਆ ਕਿ ਹੁਣ ਤੱਕ ਹੋਏ ਚਾਰ ਵੰਨਗੀਆਂ ਦੇ ਮੁਕਾਬਲਿਆਂ ਵਿੱਚ ਪਹਿਲੀ ਤੋਂ ਬਾਰਵੀਂ ਜਮਾਤਾਂ ਦੇ ਕੁੱਲ 3229 ਵਿਦਿਆਰਥੀਆਂ ਨੇ ਭਾਗ ਲਿਆ ਹੈ। ਉਨਾਂ ਦੱਸਿਆ ਕਿ ਭਾਸ਼ਣ ਮੁਕਾਬਲੇ ਵਿੱਚ 1224 ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਜ਼ਿਲਾ ਬਲਾਕਵਾਰ ਵਿਦਿਆਰਥੀਆਂ ਦੀ ਔਸਤਨ ਸ਼ਮੂਲੀਅਤ ਦੇ ਹਿਸਾਬ ਨਾਲ ਸਮੁੱਚੇ ਸੂਬੇ ਵਿੱਚੋਂ ਪਹਿਲੇ ਨੰਬਰ ’ਤੇ ਰਿਹਾ ਹੈ।
ਜ਼ਿਲਾ ਨੋਡਲ ਅਫਸਰ ਸੈਕੰਡਰੀ ਸ. ਕੁਲਦੀਪ ਸਿੰਘ ਅਤੇ ਐਲੀਮੈਂਟਰੀ ਸ੍ਰੀਮਤੀ ਰੀਤੂ ਬਾਲਾ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਅਗਲੇ ਦਿਨੀਂ ਸ਼ੁਰੂ ਹੋਣ ਵਾਲੇ ਪੰਜਵੇਂ ਮੁਕਾਬਲੇ ਸੰਗੀਤਕ ਸਾਜ਼ੋ ਸਾਮਾਨ ਜਿਵੇਂ ਕਿ ਹਰਮੋਨੀਅਮ, ਤਬਲਾ, ਢੋਲਕ, ਤੂੰਬੀ, ਬੰਸਰੀ, ਸਾਰੰਗੀ ਅਤੇ ਢੱਡ ਆਦਿ ਵਜਾਉਣ ਦੀਆਂ ਤਿਆਰੀਆਂ ਬਹੁਤ ਹੀ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਹਨ। ਵਿਭਾਗ ਦੇ ਜ਼ਿਲਾ ਮੀਡੀਆ ਕੋ-ਆਰਡੀਨੇਟਰ ਬਿੰਦਰ ਸਿੰਘ ਨੇ ਦੱਸਿਆ ਕਿ ਵਿੱਦਿਅਕ ਮੁਕਾਬਲਿਆਂ ਪ੍ਰਤੀ ਅਧਿਆਪਕਾਂ ਅਤੇ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।