ਪੰਜਾਬ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ ਦਿੱਤੀ ਜਾ ਰਹੀ ਹੈ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ
ਤਰਨ ਤਾਰਨ, 09 ਅਗਸਤ 2021
ਪੰਜਾਬ ਸਰਕਾਰ ਵਲੋਂ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਕਿਸਾਨਾਂ ਵਾਸਤੇ 15 ਅਗਸਤ, 2021 ਤੱਕ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਵਲੋਂ ਸਾਲ 2020-21 ਦੌਰਾਨ ਇਸ ਸਕੀਮ ਤਹਿਤ ਆਪਣੀ ਇਨਰੋਲਮੈਂਟ ਨਹੀਂ ਕਰਵਾਈ ਗਈ, ਉਹ ਕਿਸਾਨ 15 ਅਗਸਤ, 2021 ਤੱਕ ਆਪਣੀ ਅਤੇ ਆਪਣੇ ਪਰਿਵਾਰ ਦੀ ਇਨਰੋਲਮੈਂਟ ਕਰਵਾ ਸਕਦੇ ਹਨ। ਉਹਨਾਂ ਕਿਹਾ ਕਿ ਇਸ ਯੋਜਨਾ ਬਾਰੇ ਹੋਰ ਜਾਣਕਾਰੀ ਟੋਲ ਫ੍ਰੀ ਨੰਬਰ 104 ਤੋਂ ਜਾਂ ਮੰਡੀ ਬੋਰਡ ਦੀ ਵੈਬਸਾਇਟ www.mandiboard.nic.in ਤੋਂ ਲਈ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 01 ਅਕਤੂਬਰ, 2020 ਤੋਂ ਬਾਅਦ ਵੇਚੀ ਫਸਲ ਤੋਂ ਪ੍ਰਾਪਤ ‘ਜੇ’ ਫਾਰਮ ਧਾਰਕ ਜਾਂ ਖੰਡ ਮਿੱਲਾਂ ਨੂੰ ਵੇਚੇ ਕਮਾਦ ਦੀ ਗੰਨਾ ਤੋਲ ਪਰਚੀ ਧਾਰਕ ਕਿਸਾਨ ਇਸਦਾ ਲਾਭ ਲੈ ਸਕਦੇ ਹਨ ਅਤੇ ਇਸ ਲਈ ਉਹ ਮਾਰਕੀਟ ਕਮੇਟੀਆਂ ਦੇ ਦਫਤਰ ਵਿਖੇ ਵੀ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਕ ਪਰਿਵਾਰ ਵਿਚ ਘਰ ਦੇ ਮੁਖੀ ਕਿਸਾਨ, ਪਤੀ-ਪਤਨੀ, ਮਾਤਾ-ਪਿਤਾ, ਅਣਵਿਆਹੇ ਬੱਚੇ, ਤਲਾਕਸ਼ੁਦਾ ਧੀ ਤੇ ਉਸਦੇ ਨਬਾਲਿਗ ਬੱਚੇ, ਵਿਧਵਾ ਨੂੰਹ ਤੇ ਉਸਦੇ ਨਬਾਲਿਗ ਬੱਚੇ ਲਾਭ ਲੈਣ ਦੇ ਹੱਕਦਾਰ ਹਨ। ਉਨ੍ਹਾਂ ਪਿਛਲੇ ਸਾਲ ਇਸ ਯੋਜਨਾ ਤਹਿਤ ਇਨਰੋਲਮੈਂਟ ਕਰਵਾਉਣ ਤੋਂ ਵਾਂਝੇ ਰਹਿਣ ਵਾਲੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਦਿੱਤੇ ਇਸ ਸੁਨਹਿਰੇ ਮੌਕੇ ਦਾ ਲਾਭ ਜ਼ਰੂਰ ਲੈਣ।

English





