ਬਾਰਡਰ ਏਰੀਆ ਦੇ ਪਿੰਡਾਂ ਦਾ ਵਿਕਾਸ ਕਰਨ ਲਈ ਸਰਕਾਰ ਯਤਨਸ਼ੀਲ-ਵਿਧਾਇਕ ਘੁਬਾਇਆ
ਪ੍ਰੋਜੈਕਟ ਲਗਣ ਨਾਲ ਹਰੇਕ ਪਿੰਡ ਦੇ ਹਰੇਕ ਘਰ ਪਹੁੰਚੇਗਾ ਵਾਟਰ ਕੁਨੈਕਸ਼ਨ-ਡਿਪਟੀ ਕਮਿਸ਼ਨਰ
ਫਾਜ਼ਿਲਕਾ, 14 ਅਗਸਤ 2021
ਸੂਬਾ ਸਰਕਾਰ ਲੋਕਾਂ ਨੂੰ ਹਰੇਕ ਪੱਖੋਂ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਕਰਵਾਉਣ ਲਈ ਵਚਨਬੱਧ ਹੈ।ਲੋਕਾਂ ਨੂੰ ਸਿਹਤ ਪੱਖੋਂ ਮਜ਼ਬੂਤ ਰੱਖਣ ਲਈ ਸ਼ੁੱਧ ਖਾਣਾ-ਪੀਣਾ ਮੁਹੱਈਆ ਕਰਵਾਉਣ ਲਈ ਹਰੇਕ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਅਤੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਬਲਾਕ ਫਾਜ਼ਿਲਕਾ ਦੇ ਪਿੰਡ ਦੋਨਾ ਸਿੰਕਦਰੀ ਉਰਫ ਨਵਾਂ ਮੌਜਮ ਵਿਖੇ 43.93 ਲੱਖ ਰੁਪਏ ਦੀ ਲਾਗਤ ਦੇ ਨਵੇਂ ਵਾਟਰ ਵਰਕਸ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਇਸ ਮੌਕੇ ਵਿਧਾਇਕ ਸ. ਦਵਿੰਦਰ ਘੁਬਾਇਆ ਨੇ ਦੱਸਿਆ ਕਿ ਸੂਬਾ ਸਰਕਾਰ ਬਾਰਡਰ `ਤੇ ਸਥਿਤ ਪਿੰਡਾਂ ਦਾ ਵਿਕਾਸ ਕਰਨ ਲਈ ਵਿਸ਼ੇਸ਼ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰਾਂ ਦੇ ਸਮੇਂ ਬਾਰਡਰ ਏਰੀਆ ਦੇ ਪਿੰਡ ਜ਼ੋ ਕਿ ਵਿਕਾਸ ਪੱਖੋਂ ਵਾਂਝੇ ਸਨ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਬਾਰਡਰ ਏਰੀਆ ਦੇ ਪਿੰਡਾਂ ਦੇ ਵਿਕਾਸ ਕਰਨ ਵੱਲ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਪ੍ਰੋਜੇਕਟ ਦੇ ਲੱਗਣ ਨਾਲ ਪਿੰਡ ਵਾਸੀਆਂ ਨੂੰ ਪੀਣ ਵਾਲਾ ਸਾਫ ਪਾਣੀ ਪ੍ਰਾਪਤ ਹੋਵੇਗਾ। ਇਸ ਨਾਲ ਲੋਕ ਸਿਹਤ ਪੱਖੋਂ ਤੰਦਰੁਸਤ ਰਹਿਣਗੇ।ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਲ ਤੇ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ ਵੱਖ-ਵੱਖ ਪ੍ਰੋਜੈਕਟ ਚਾਲੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰੇਕ ਘਰ ਪਾਣੀ ਦਾ ਕੁਨੈਕਸ਼ਨ ਮੁਹੱਈਆ ਕਰਵਾਉਣ ਲਈ ਵੀ ਜਲ ਸਪਲਾਈ ਵਿਭਾਗ ਯਤਨਸ਼ੀਲ ਹੈ।
ਇਸ ਦੌਰਾਨ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਚਮਕ ਸਿੰਗਲਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿਚ ਨਵਾ ਟਿਉਬਵੈਲ, ਪੰਪ ਚੈਂਬਰ, ਪਾਣੀ ਦੀ ਟੈਂਕੀ ਅਤੇ ਸਾਰੇ ਪਿੰਡ ਵਿਚ ਨਵੀਂ ਪਾਈਪ ਲਾਈਨ ਲਗਭਗ 9 ਕਿਲੋਮੀਟਰ ਅਤੇ ਸਾਰੇ ਘਰਾਂ ਨੂੰ ਪਾਣੀ ਦਾ ਕੁਨੈਕਸ਼ਨ ਦੇਣ ਦਾ ਕੰਮ ਸ਼ਾਮਿਲ ਹੈ।ਇਸ ਵਾਟਰ ਵਰਕਸ ਰਾਹੀਂ ਪਿੰਡ ਦੇ ਲਗਭਗ ਸਾਰੇ ਘਰਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ।
ਇਸ ਮੌਕੇ ਪਿੰਡ ਦੇ ਸਰਪੰਚ, ਮੈਂਬਰ, ਜਲ ਸਪਲਾਈ ਵਿਭਾਗ ਦੇ ਸ੍ਰੀ ਸੁਖਵਿੰਦਰ ਸਿੰਘ ਜੂਨੀਅਰ ਇੰਜੀਨੀਅਰ ਅਤੇ ਸੋਸ਼ਨ ਸਟਾਫ ਮੌਜੂਦ ਸੀ।

English





