ਕੋਵਿਡ ‘ਤੇ ਫ਼ਤਿਹ ਪਾਉਣ ਲਈ ਨਗਰ ਕੌਂਸਲ ਪਾਤੜਾਂ ਵੱਲੋਂ ਚਲਾਈ ਜਾ ਰਹੀ ਹੈ ਜਾਗਰੂਕਤਾ ਮੁਹਿੰਮ

patiala covid testing

-ਸਿਹਤ ਵਿਭਾਗ ਦੇ ਸਹਿਯੋਗ ਨਾਲ ਲੋਕਾਂ ਨੂੰ ਸਾਵਧਾਨੀਆਂ ਰੱਖਣ ਲਈ ਕੀਤਾ ਜਾ ਰਿਹਾ ਹੈ ਪ੍ਰੇਰਿਤ : ਕਾਰਜ ਸਾਧਕ ਅਫ਼ਸਰ
ਪਾਤੜਾਂ/ਪਟਿਆਲਾ, 27 ਅਗਸਤ:
ਕੋਵਿਡ ਤੋਂ ਬਚਾਅ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਲੋਕਾਂ ਨੂੰ ਸੁਚੇਤ ਕਰਨ ਲਈ ਨਗਰ ਕੌਂਸਲ ਪਾਤੜਾਂ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਨਗਰ ਕੌਂਸਲ ਪਾਤੜਾਂ ਦਾ ਕਾਰਜ ਸਾਧਕ ਅਫ਼ਸਰ ਬਲਜਿੰਦਰ ਕੌਰ ਨੇ ਦੱਸਿਆ ਕਿ ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਠੱਲ੍ਹ ਪਾਉਣ ਲਈ ਪਾਤੜਾਂ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਸ਼ਹਿਰ ‘ਚ ਜਿਥੇ ਮੁਨਾਦੀ ਰਾਹੀਂ ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਰੱਖਣ, ਵਾਰ-ਵਾਰ ਹੱਥ ਧੋਣ, ਬੱਚੇ ਤੇ ਬਜ਼ੁਰਗਾਂ ਦਾ ਖਾਸ ਖ਼ਿਆਲ ਰੱਖਣ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ, ਉਥੇ ਹੀ ਸਿਹਤ ਵਿਭਾਗ ਨਾਲ ਮਿਲਕੇ ਸ਼ਹਿਰ ‘ਚ ਕੈਂਪ ਲਗਾਕੇ ਕੋਰੋਨਾ ਦੇ ਸੈਂਪਲ ਵੀ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਾਤੜਾਂ ਸ਼ਹਿਰ ਵਿਖੇ ਜਿਨ੍ਹਾਂ ਘਰਾਂ ‘ਚ ਕੋਰੋਨਾ ਕੇਸ ਪਾਏ ਗਏ ਹਨ, ਉਨ੍ਹਾਂ ਘਰਾਂ ਦਾ ਕੂੜਾ ਵੀ ਅਲੱਗ ਤੌਰ ‘ਤੇ ਇਕੱਠਾ ਕਰਕੇ ਉਸ ਕੂੜੇ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖੇਤਰਾਂ ‘ਚ ਕੋਰੋਨਾ ਪਾਜ਼ੀਟਿਵ ਕੇਸ ਆਏ ਹਨ, ਉਥੇ ਸਿਹਤ ਵਿਭਾਗ ਦੀਆਂ ਗਾਈਡਲਾਈਨਜ਼ ਅਨੁਸਾਰ ਖੇਤਰ ਨੂੰ ਸੀਲ ਵੀ ਕੀਤਾ ਗਿਆ ਹੈ। ਕਾਰਜ ਸਾਧਕ ਅਫ਼ਸਰ ਨੇ ਪਾਤੜਾਂ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਮਾਸਕ ਪਾਉਣ, ਸਮਾਜਿਕ ਦੂਰੀ ਰੱਖਣ ਅਤੇ ਗੈਰ ਜ਼ਰੂਰੀ ਆਵਾਜਾਈ ਤੋਂ ਗੁਰੇਜ਼ ਕਰਕੇ ਇਸ ਮਹਾਂਮਾਰੀ ਖਿਲਾਫ਼ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਨੂੰ ਸਫਲ ਬਣਾਇਆ ਜਾਵੇ।