ਮੰਤਰੀ ਮੰਡਲ ‘ਚੋ ਬਰਖਾਸਤ ਕਰਨ ਦੀ ਮੰਗ ‘ਤੇ ‘ਆਪ’ ਨੇ ਧਰਮਸੋਤ ਦੀ ਕੋਠੀ ਮੂਹਰੇ ਲਗਾਇਆ ਧਰਨਾ

aap punjab protest

-ਦਲਿਤ ਬੱਚਿਆਂ ਦੇ ਵਜੀਫ਼ੇ ਵੀ ਨਹੀਂ ਬਖ਼ਸ਼ ਰਹੇ ਰਾਜੇ ਦੇ ਭ੍ਰਿਸ਼ਟਾਚਾਰੀ ਮੰਤਰੀ: ‘ਆਪ’
-ਮਾਮਲਾ 64 ਕਰੋੜ ਦੀ ਵਜੀਫ਼ਾ ਰਾਸ਼ੀ ਹੜੱਪਣ ਦਾ

ਨਾਭਾ/ਪਟਿਆਲਾ 27 ਅਗਸਤ 2020
ਦਲਿਤ ਵਿਦਿਆਰਥੀਆਂ ਨੂੰ ਅਗਲੇਰੀ ਪੜ•ਾਈ ਲਈ ਉਤਸ਼ਾਹਿਤ ਕਰਨ ਵਾਲੀ ਪੋਸਟ ਮੈਟ੍ਰਿਕ ਵਜੀਫਾ (ਸਕਾਲਰਸ਼ਿਪ) ਸਕੀਮ ਦੇ 63.91 ਕਰੋੜ ਰੁਪਏ ਦੇ ਵੱਡੇ ਘਪਲੇ ‘ਚ ਫਸੇ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਾਧੁ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ‘ਚੋ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੀ ਪਟਿਆਲਾ ਇਕਾਈ ਨੇ ਨਾਭਾ ਸਥਿਤ ਧਰਮਸੋਤ ਦੀ ਕੋਠੀ ਮੂਹਰੇ ਰੋਸ ਧਰਨਾ ਲਗਾਇਆ। ਜਿਸ ਵਿੱਚ ਪਾਰਟੀ ਦੇ ਆਗੂ ਦੇਵ ਮਾਨ, ਜੱਸੀ ਸੋਹੀਆਂ ਵਾਲਾ, ਵਰਿੰਦਰ ਬਿਟੂੱ ਅਤੇ ਅਮਰੀਕ ਸਿੰਘ ਬੰਗੜ ਸਮੇਤ ਵਰਕਰ-ਵਾਲੰਟੀਅਰ ਸ਼ਾਮਲ ਹੋਏ।
ਇਸ ਮੌਕੇ ਸੰਬੋਧਨ ਕਰਦੇ ਹੋਏ ‘ਆਪ’ ਆਗੂਆਂ ਨੇ ਕਿਹਾ ਕਿ ਰਾਜੇ ਦੇ ਜੰਗਲ ਰਾਜ ‘ਚ ਬੇਲਾਗ ਭ੍ਰਿਸ਼ਟਾਚਾਰੀ ਮੰਤਰੀ ਗਰੀਬ-ਦਲਿਤਾਂ ਦੇ ਬੱਚਿਆਂ ਦੀ ਵਜੀਫ਼ਾ ਰਾਸ਼ੀ ਨੂੰ ਵੀ ਨਹੀਂ ਬਖ਼ਸ਼ ਰਹੇ। ਦਲਿਤ ਵਿਰੋਧੀ ਅਤੇ ਗਰੀਬ ਵਿਰੋਧੀ ਮਾਨਸਿਕਤਾ ਰੱਖਣ ਵਾਲੇ ਸਾਧੂ ਸਿੰਘ ਵਰਗੇ ਲੁਟੇਰੇ ਮੰਤਰੀ ਨੂੰ ਮੰਤਰੀ ਮੰਡਲ ‘ਚੋ ਬਰਖ਼ਾਸਤ ਕਰਕੇ ਉਸ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ।
‘ਆਪ’ ਆਗੂਆਂ ਨੇ ਕਿਹਾ ਕਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਲੰਘੀ 24 ਅਗਸਤ ਨੂੰ ਮੰਤਰੀ ਧਰਮਸੋਤ ਅਤੇ ਉਸਦੇ ਗੈਂਗ ਵੱਲੋਂ ਗਰੀਬ ਦਲਿਤ ਵਿਦਿਆਰਥੀਆਂ ਲਈ ਆਏ ਵਜੀਫ਼ਾ ਰਾਸ਼ੀ ‘ਚੋ 63.91 ਕਰੋੜ  ਰੁਪਏ ਹੜੱਪਣ ਬਾਰੇ ਜਾਂਚ ਰਿਪੋਰਟ ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਸੌਂਪ ਦਿੱਤੀ ਸੀ, ਪ੍ਰੰਤੂ ਤਿੰਨ ਦਿਨ ਲੰਘ ਜਾਣ ਦੇ ਬਾਵਜੂਦ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਅਤੇ ਚੁੱਪੀ ਧਾਰੀ ਹੋਈ ਹੈ। ‘ਆਪ’ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ‘ਚੋ ਕੱਢ ਕੇ ਗਿਰਫਤਾਰ ਨਾ ਕੀਤਾ ਤਾਂ ‘ਆਪ’ ਦਾ ਇਹ ਸੰਘਰਸ਼ ਨਾਭੇ ਤੋਂ ਮੋਤੀ ਮਹਿਲ ਪਟਿਆਲਾ ਹੁੰਦਾ ਹੋਇਆ ਰਾਜਾ ਦੇ ਸਿੱਸਵਾਂ (ਨਿਉ ਚੰਡੀਗੜ•) ਸਥਿਤ ਫਾਰਮਹਾਊਸ ਤੱਕ ਸੇਕ ਚੜਾਵੇਗਾ।