ਕਾਰ ਸੇਵਾ ਖਡੂਰ ਸਾਹਿਬ ਵਲੋਂ ਝਬਾਲ ਤੋਂ ਖੇਮਕਰਨ ਤੱਕ ਲਗਾਏ ਜਾਣਗੇ ਦਰੱਖਤ
ਝਬਾਲ (ਤਰਨ ਤਾਰਨ), 28 ਅਗਸਤ :
ਅੱਜ ਇਥੇ ਪਿੰਡ ਝਬਾਲ ਨਾਲ ਲਗਦੇ ਗੁਰਦੁਆਰਾ ਬੋਹੜੀ ਸਾਹਿਬ ਤੋਂ ਕਾਰਸੇਵਾ ਖਡੂਰ ਸਾਹਿਬ ਵਲੋਂ ਸੜਕ ਦੇ ਦੋਵੇਂ ਪਾਸੇ ਦਰਖਤ ਲਗਾਉਣ ਦਾ ਕਾਰਜ ਆਰੰਭ ਕੀਤਾ ਗਿਆ।ਇਸ ਕਾਰਜ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਕੁਲਵੰਤ ਸਿੰਘ ਨੇ ਬੂਟਾ ਲਗਾ ਕੇ ਕੀਤੀ। ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਪ੍ਰੌਜੈਕਟ ਡਰਾਇਕਟਰ ਸ਼੍ਰੀ ਸੁਨੀਲ ਯਾਦਵ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਮੌਜੂਦ ਸਨ। ਸ਼੍ਰੀ ਯਾਦਵ ਨੇ ਵੀ ਇਸ ਦੌਰਾਨ ਬੂਟਾ ਲਗਾਇਆ। ਇਸ ਮੌਕੇ ਮੁੱਖ ਤੌਰ ‘ਤੇ ਚਕਰੇਸੀਆ ਦੇ ਬੂਟੇ ਲਗਾਏ ਗਏ।
ਇਸ ਦੌਰਾਨ ਗੱਲਬਾਤ ਕਰਦਿਆਂ ਬਾਬਾ ਸੇਵਾ ਸਿੰਘ ਨੇ ਦੱਸਿਆ ਕੇ ਚਕਰੇਸੀਆ ਤੋਂ ਇਲਾਵਾ ਇਸ ਰੋਡ ‘ਤੇ ਅਰਜਨ,ਜਾਮਣ ਅਤੇ ਨਿੰਮ ਦੇ ਬੂਟੇ ਲਗਾਏ ਜਾਣਗੇ।ਉਨਾਂ ਦੱਸਿਆ ਕਿ ਝਬਾਲ ਤੋਂ ਖੇਮਕਰਨ ਤੱਕ ਬੂਟੇ ਲਗਾਏ ਜਾਣੇ ਹਨ। ਪਰ ਪਹਿਲੇ ਗੇੜ ਵਿਚ ਭੀਖੀ ਪਿੰਡ ਤੱਕ ਬੂਟੇ ਲਗਾਏ ਜਾਣਗੇ।ਉਨਾਂ ਇਕ ਹੋਰ ਸੁਆਲ ਦੇ ਜਵਾਬ ਵਿਚ ਦਿੱਸਿਆ ਕਿ ਇਸ ਤੋਂ ਪਹਿਲਾਂ ਕਾਰਸੇਵਾ ਖਡੂਰ ਸਾਹਿਬ ਵਲੋਂ 450 ਕਿਲੋਮੀਟਰ ਸੜਕਾਂ ‘ਤੇ ਦਰਖਤ ਲਗਾਏ ਗਏ ਹਨ।
ਇਸ ਤੋਂ ਇਲਾਵਾ ਪੰਜਾਬ, ਰਾਜਸਥਾਨ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਪੰਜ ਲੱਖ ਦੇ ਕਰੀਬ ਹੋਰ ਦਰਖਤ ਲਗਾਏ ਜਾ ਚੁੱਕੇ ਹਨ। ਸੰਸਥਾ ਵਲੋਂ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਖੇਤਰ ਵਿਚ ਮਿੰਨੀ ਜੰਗਲ ਲਗਾਉਣ ਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਇਕ ਕਨਾਲ ਤੋਂ ਲੈ ਕੇ ਇੱਕ ਏਕੜ ਤੱਕ 61 ਜੰਗਲ ਲਗਾਏ ਜਾ ਚੁੱਕੇ ਹਨ।
ਇਸ ਮੌਕੇ ਡੀ. ਡੀ. ਪੀ. ਓ. ਸ੍ਰੀ ਹਰਨੰਦਨ ਸਿੰਘ, ਨਾਇਬ ਤਹਿਸੀਲਦਾਰ ਸ੍ਰੀ ਅਜੈ ਕੁਮਾਰ, ਕਨਜ਼ਰਵੇਟਿਵ ਅਫਸਰ ਨਿਰਮਲਜੀਤ ਸਿੰਘ ਰੰਧਾਵਾ, ਰੇਂਜ ਅਫਸਰ ਹਰਦੇਵ ਸਿੰਘ, ਡੀ. ਐੱਫ. ਓ. ਸੁਰਜੀਤ ਸਿੰਘ ਸਹੋਤਾ, ਬਲਾਕ ਅਫਸਰ ਦਵਿੰਦਰ ਕੁਮਾਰ, ਬਾਬਾ ਬਲਦੇਵ ਸਿੰਘ,ਭਾਈ ਮਨਸਾ ਸਿੰਘ, ਭਾਈ ਸਿਮਰਜੀਤ ਸਿੰਘ, ਭਾਈ ਵਿਕਰਮਜੀਤ ਸਿੰਘ ਅਤੇ ਇਲਾਕੇ ਦੀ ਸੰਗਤ ਮੌਜੂਦ ਸੀ।

English




