ਪੰਜਾਬ ਦੀ ਸਿਆਸਤ ਦੇ ਸਮੀਕਰਨ ਬਦਲ ਦੇਵੇਗੀ ਬੀਐਸਪੀ ਦੀ ਫਗਵਾੜਾ ਦੀ “ਅਲਖ ਜਗਾਓ” ਰੈਲੀ: ਗੜ੍ਹੀ*
ਬੀਐਸਪੀ ਦੇ ਰਾਸ਼ਟਰੀ ਉਪ ਪ੍ਰਧਾਨ ਆਨੰਦ ਕੁਮਾਰ, ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ, ਰਾਸ਼ਟਰੀ ਕੋਆਰਡੀਨੇਟਰ ਤੇ ਰਾਜ ਸਭਾ ਮੈਂਬਰ ਰਾਮਜੀ ਗੌਤਮ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬੀਐਸਪੀ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਕਰਨਗੇ ਰੈਲੀ ਨੂੰ ਸੰਬੋਧਨ
ਕਿਸਾਨਾਂ ਨੂੰ ਗੰਨੇ ਦਾ ਮੁੱਲ 500 ਰੁਪਏ ਮਿਲੇ: ਗੜ੍ਹੀ
”ਦਿੱਲੀ ਗੁਰਦਵਾਰਾ ਚੋਣਾਂ ਵਿਚ ਅਕਾਲੀ ਦਲ ਦੀ ਜਿੱਤ ਦਾ ਪੰਜਾਬ ਤੇ ਪਵੇਗਾ ਅਸਰ”
ਜਲੰਧਰ:28 ਅਗਸਤ 2021
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਅੱਜ ਕਿਹਾ ਕਿ ਪਾਰਟੀ ਵੱਲੋਂ 29 ਅਗਸਤ, 2021 (ਐਤਵਾਰ) ਨੂੰ ਫਗਵਾੜਾ ਵਿਖੇ ਕੀਤੀ ਜਾਣ ਵਾਲੀ “ਅਲਖ ਜਗਾਓ ਰੈਲੀ” ਪੰਜਾਬ ਦੀ ਸਿਆਸਤ ਵਿਚ ਨਵੇਂ ਸਮੀਕਰਨ ਬਣਾਵੇਗੀ ਤੇ ਇਸ ਵਿਚ ਇੰਨਾ ਵੱਡਾ ਇਕੱਠ ਹੋਵੇਗਾ ਜੋ ਇਸ ਤੋਂ ਪਹਿਲਾਂ ਫਗਵਾੜਾ ਵਾਸੀਆਂ ਨੇ ਕਦੇ ਵੀ ਨਹੀਂ ਦੇਖਿਆ ਹੋਵੇਗਾ। ਮੀਡਿਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਗੰਨੇ ਦੇ ਦਿੱਤੇ 360 ਰੁਪਏ ਮੁੱਲ ਤੋਂ ਬੀਐਸਪੀ ਸੰਤੁਸ਼ਟ ਨਹੀਂ ਹੈ ਤੇ ਇਹ ਮੁੱਲ 500 ਰੁਪਏ ਹੋਣਾ ਚਾਹੀਦਾ ਹੈ, ਤਾਂ ਕਿ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਕੱਢਿਆ ਜਾ ਸਕੇ। ਉਨ੍ਹਾਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਆਪਣੀ ਬਹੁਜਨ ਸਮਾਜ ਪਾਰਟੀ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਜਿੱਤ ਉੱਤੇ ਅਕਾਲੀ ਦਲ ਦੀ ਸਮੁੱਚ ਲੀਡਰਸ਼ਿਪ ਨੂੰ ਵਧਾਈ ਦਿੰਦਿਆਂ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਦੀ ਇਸ ਜਿੱਤ ਦਾ ਪੰਜਾਬ ਵਿਚ ਵੀ ਬੀਐਸਪੀ-ਅਕਾਲੀ ਦਲ ਗਠਜੋੜ ਦੀ ਜਿੱਤ ਉੱਤੇ ਚੰਗਾ ਅਸਰ ਪਵੇਗਾ।
ਸ੍ਰੀ ਗੜ੍ਹੀ ਫਗਵਾੜਾ ਵਿਚ ਮੀਡਿਆ ਨਾਲ ਗੱਲ ਕਰ ਰਹੇ ਸਨ। ਦੱਸਣਯੋਗ ਹੈ ਕਿ ਫਗਵਾੜਾ ਦੀ ਦਾਣਾ ਮੰਡੀ ਵਿਚ ਹੋਣ ਵਾਲੀ ਅਲਖ ਜਾਗੋ ਰੈਲੀ ਦੇ ਬੀਤੀ 22 ਅਗਸਤ ਤੋਂ ਲੱਗ ਰਹੇ ਵਿਸ਼ਾਲ ਪੰਡਾਲ ਵਾਲੇ ਦਿਨ ਤੋਂ ਹੀ ਸ੍ਰੀ ਗੜ੍ਹੀ ਫਗਵਾੜਾ ਵਿਚ ਡਟੇ ਹੋਏ ਹਨ। ਇਸ ਦੌਰਾਨ ਉਹ ਰੈਲੀ ਦੀਆਂ ਤਿਆਰੀਆਂ ਦੀ ਨਿਗਰਾਨੀ ਕਰਨ ਦੇ ਨਾਲ ਹੀ ਫਗਵਾੜਾ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਤੇ ਨੇੜਲੇ ਪਿੰਡਾਂ ਵਿਚ ਜਾ-ਜਾ ਕੇ ਬਹੁਜਨ ਸਮਾਜ, ਦਲਿਤਾਂ ਤੇ ਕਿਸਾਨਾਂ ਨੂੰ ਰੈਲੀ ਵਿਚ ਪੁੱਜਣ ਲਈ ਲਾਮਬੰਦ ਵੀ ਕਰ ਰਹੇ ਹਨ। ਰੈਲੀ ਵਿਚ ਪੁੱਜਣ ਵਾਲੇ ਆਗੂਆਂ ਬਾਰੇ ਪੁਛੇ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਰੈਲੀ ਨੂੰ ਸੰਬੋਧਨ ਕਰਨ ਲਈ ਬੀਐਸਪੀ ਦੇ ਰਾਸ਼ਟਰੀ ਉਪ ਪ੍ਰਧਾਨ ਆਨੰਦ ਕੁਮਾਰ, ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ, ਰਾਸ਼ਟਰੀ ਕੋਆਰਡੀਨੇਟਰ ਤੇ ਰਾਜ ਸਭਾ ਮੈਂਬਰ ਰਾਮਜੀ ਗੌਤਮ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬੀਐਸਪੀ ਦੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਵਿਸ਼ੇਸ਼ ਤੌਰ ਤੇ ਪਹੁੰਚਣਗੇ। ਉਨ੍ਹਾਂ ਨੇ ਕਿਹਾ ਕੇ ਜਿਸ ਤਰ੍ਹਾਂ ਕਾਂਗਰਸ ਤੇ ਭਾਜਪਾ ਨੇ ਦੇਸ਼ ਦੇ ਦਲਿਤਾਂ ਤੇ ਪੱਛੜਿਆਂ ਦਾ ਅਪਮਾਨ ਕੀਤਾ, ਜਿਨ੍ਹਾਂ ਨੂੰ ਉਹ ਅੱਜ ਵੀ ਪਵਿੱਤਰ, ਧਰਮੀ ਤੇ ਪੰਥਕ ਨਹੀਂ ਮੰਨਦੇ, ਇਸ ਮਾਮਲੇ ਦਾ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰ ਮਾਇਆਵਤੀ ਨੇ ਸਖ਼ਤ ਨੋਟਿਸ ਲਿਆ ਹੈ। ਇਸ ਅਪਮਾਨ ਅਤੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਤੇ ਉਨ੍ਹਾਂ ਦੇ ਸੰਵਿਧਾਨ ਦਾ ਅਪਮਾਨ ਕੀਤਾ ਗਿਆ ਹੈ, ਅਤੇ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਕਿਸਾਨਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਬੇਘਰ, ਬੇਆਸਰੇ ਕਰ ਕੇ ਰੱਖ ਦਿੱਤਾ ਗਿਆ ਹੈ, ਉਹ ਰਾਸ਼ਟਰੀ ਪੱਧਰ ਦਾ ਮੁੱਦਾ ਹੈ ਤੇ ਬੀਐਸਪੀ ਇਸ ਮਾਣ-ਸਨਮਾਨ ਲਈ ਇਨ੍ਹਾਂ ਪਾਰਟੀਆਂ ਕਾਂਗਰਸ, ਭਾਜਪਾ ਤੇ ਆਪ ਨਾਲ ਜੰਗ ਲੜੇਗੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਸ ਮਾਣ-ਸਨਮਾਨ ਦੀ ਲੜਾਈ ਲਈ ਆਪਣੇ 1000 ਵਰਕਰ ਟਰੇਂਡ ਕਰ ਕੇ ਸਾਰੇ ਪੰਜਾਬ ਦੇ ਪਿੰਡ ਪਿੰਡ ਭੇਜੇ ਹਨ, ਜੋ ਸਾਰੇ ਪੰਜਾਬ ਵਿਚ ਬਹੁਜਨ ਸਮਾਜ ਦੇ ਮਾਣ-ਸਨਮਾਨ ਦੀ ਅਲਖ ਜਗਾ ਰਹੇ ਹਨ।
ਇਸ ਦੌਰਾਨ ਬੀਤੇ ਦਿਨ ਬੀਐਸਪੀ ਦੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਵੀ ਰੈਲੀ ਗਰਾਉਂਡ ਪਹੁੰਚੇ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਵੀ ਸੰਤ ਸੁਰਿੰਦਰ ਦਾਸ ਜੀ ਰੈਲੀ ਗਰਾਉਂਡ ਵਿਚ ਪੁੱਜੇ। ਇਸ ਮੌਕੇ ਸ੍ਰੀ ਗੜ੍ਹੀ ਨੇ ਬਹੁਜਨ ਵਾਲੰਟੀਅਰ ਫੋਰਸ ਦੇ ਨੌਜਵਾਨਾਂ ਦੀਆਂ ਡਿਊਟੀਆਂ ਵੀ ਰੈਲੀ ਲਈ ਲਗਾਈਆਂ। ਸ੍ਰੀ ਗੜ੍ਹੀ ਨੇ ਇਸ ਦੌਰਾਨ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਮੁਲਾਜ਼ਮ ਆਗੂਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਵੀ ਸੁਣੀਆਂ। ਉਨ੍ਹਾਂ ਮਰਹੂਮ ਮਿਸ਼ਨਰੀ ਗਾਇਕ ਮੋਹਨ ਬੰਗੜ ਦੇ ਪੁੱਤਰ ਨਾਲ ਵੀ ਮੁਲਾਕਾਤ ਕੀਤੀ ਤੇ ਮਰਹੂਮ ਮੋਹਨ ਬੰਗੜ ਦੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਮੌਕੇ ਬੀਐਸਪੀ ਪੰਜਾਬ ਦੇ ਜਨਰਲ ਸਕੱਤਰ ਡਾ. ਨਛੱਤਰ ਪਾਲ ਰਾਹੋਂ ਤੇ ਸਕੱਤਰ ਪ੍ਰਵੀਨ ਬੰਗਾ ਅਤੇ ਹੋਰ ਆਗੂ ਵੀ ਉਨ੍ਹਾਂ ਦੇ ਨਾਲ ਸਨ।
ਇਸ ਦੌਰਾਨ ਪਾਰਟੀ ਦੇ ਮੁਖ ਦਫਤਰ ਜਲੰਧਰ ਵਿਖੇ ਇੱਕ ਇਕੱਤਰਤਾ ਦੌਰਾਨ ਸ੍ਰੀ ਬੈਨੀਵਾਲ ਅਤੇ ਸ੍ਰੀ ਗੜ੍ਹੀ ਨੇ ਇੰਜੀਨੀਅਰ ਗੁਰਬਖਸ਼ ਸਿੰਘ ਸ਼ੇਰਗਿੱਲ ਨੂੰ ਬੀਐਸਪੀ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ। ਇਸ ਮੌਕੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ, ਜ਼ੋਨ ਇੰਚਾਰਜ ਤਾਰਾ ਚੰਦ ਭਗਤ, ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਭੋਲਾ, ਮੀਤ ਪ੍ਰਧਾਨ ਜਗਦੀਸ਼ ਦੁੱਗਲ, ਜ਼ਿਲ੍ਹਾ ਜਰਨਲ ਸਕੱਤਰ ਮੁਕੇਸ਼ ਕੁਮਾਰ, ਜ਼ਿਲ੍ਹਾ ਸੈਕਟਰੀ ਬਲਜੀਤ ਸਿੰਘ, ਮੰਗਲ ਸਿੰਘ, ਮਨਧੀਰ ਸਿੰਘ ਫੌਜੀ, ਇੰਜੀਨੀਅਰ ਰਾਮ ਸਿੰਘ ਆਦਿ ਹਾਜ਼ਰ ਸਨ।

English






