ਪੀ.ਐਚ.ਐਸ.ਸੀ. ਦੇ ਚੇਅਰਮੈਨ ਵੱਲੋਂ ਸਾਹਨੇਵਾਲ ਕਮਿਊਨਿਟੀ ਹੈਲਥ ਸੈਂਟਰ ਵਿਖੇ ਅਚਨਚੇਤ ਚੈਕਿੰਗ

ਸਰਕਾਰ ਵੱਲੋਂ ਸੈਂਟਰ ‘ਚ ਬਲੱਡ ਬੈਂਕ ਤੇ ਅਲਟਰਾਸਾਊਂਡ ਮਸ਼ੀਨ ਜਲਦ ਕੀਤੀ ਜਾਵੇਗੀਸਥਾਪਤ – ਸੇਖੜੀ
ਲੁਧਿਆਣਾ, 29 ਅਗਸਤ 2021 ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ (ਪੀ.ਐਚ.ਐਸ.ਸੀ) ਦੇ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਵੱਲੋਂ ਅੱਜ ਸਾਹਨੇਵਾਲ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਵਿਖੇ ਅਚਨਚੇਤ ਚੈਕਿੰਗ ਕੀਤੀ।
ਸੀਨੀਅਰ ਕਾਂਗਰਸੀ ਆਗੂ ਸਤਵਿੰਦਰ ਬਿੱਟੀ ਦੇ ਨਾਲ, ਸ੍ਰੀ ਸੇਖੜੀ ਹਰ ਵਾਰਡ, ਐਮਰਜੈਂਸੀ ਵਿਭਾਗ ਵਿੱਚ ਗਏ ਅਤੇ ਉੱਥੇ ਇਲਾਜ ਅਧੀਨ ਮਰੀਜ਼ਾਂ ਨਾਲ ਗੱਲਬਾਤ ਕੀਤੀ। ਬਾਅਦ ਵਿੱਚ ਸੇਖੜੀ ਨੂੰ ਸਿਹਤ ਅਧਿਕਾਰੀਆਂ ਵੱਲੋਂ ਕੇਂਦਰ ਵਿੱਚ ਡਾਕਟਰਾਂ, ਬਲੱਡ ਬੈਂਕ ਅਤੇ ਅਲਟਰਾਸਾਊਂਡ ਮਸ਼ੀਨਾਂ ਦੀ ਘਾਟ ਬਾਰੇ ਜਾਣੂ ਕਰਵਾਇਆ ਗਿਆ ਜਿਸ ‘ਤੇ ਪੀ.ਐਚ.ਐਸ.ਸੀ. ਦੇ ਚੇਅਰਮੈਨ ਨੇ ਸਿਹਤ ਢਾਂਚੇ ਨੂੰ ਵਧਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਸਿਹਤ ਵਿਭਾਗ ਜਲਦ ਹੀ ਬਲੱਡ ਬੈਂਕ ਸਥਾਪਤ ਕਰੇਗਾ ਅਤੇ ਇੱਥੇ ਅਲਟਰਾਸਾਊਂਡ ਮਸ਼ੀਨ ਵੀ ਲਗਾਏਗਾ।
ਸ੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਪੰਜਾਬ ਸਰਕਾਰ ਲੋੜਵੰਦਾਂ ਅਤੇ ਗਰੀਬ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਪਿਛਲੇ ਚਾਰ ਸਾਲਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿਹਤ ਖੇਤਰ ਨੂੰ ਮੁੱਖ ਤਰਜੀਹ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਸਿਰਫ ਪੰਜਾਬ ਸੂਬਾ ਹੀ ਸੀ ਜਿਸਨੇ ਦੂਜੀ ਲਹਿਰ ਦੌਰਾਨ ਕੋਵਿਡ ਮਰੀਜ਼ਾਂ ਲਈ ਆਪਣੇ ਦਰਵਾਜ਼ੇ ਹਮੇਸ਼ਾ ਖੁੱਲੇ ਰੱਖੇ ਜਦੋਂ ਕਿ ਦੂਜੇ ਰਾਜਾਂ ਨੇ ਬਾਹਰਲੇ ਮਰੀਜ਼ਾਂ ਲਈ ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਸਿਹਤ ਵਿਭਾਗ ਨੇ ਸੰਭਾਵਤ ਤੀਜੀ ਲਹਿਰ ਨਾਲ ਨਜਿੱਠਣ ਲਈ ਲੋੜੀਂਦੇ ਸਿਹਤ ਬੁਨਿਆਦੀ ਢਾਂਚੇ ਨੂੰ ਪਹਿਲਾਂ ਹੀ ਵਧਾ ਦਿੱਤਾ ਹੈ ਅਤੇ ਕਿਹਾ ਕਿ ਆਕਸੀਜਨ ਦੀ ਉਪਲਬਧਤਾ, ਬੱਚਿਆਂ ਅਤੇ ਬਾਲਗਾਂ ਲਈ ਆਈ.ਸੀ.ਯੂ. ਬੈਡ, ਡਾਕਟਰਾਂ ਦੀ ਭਰਤੀ, ਪੈਰਾ ਮੈਡੀਕਲ ਅਤੇ ਹੋਰ ਜ਼ਰੂਰੀ ਚੀਜ਼ਾਂ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਯਕੀਨੀ ਬਣਾਇਆ ਜਾ ਰਿਹਾ ਹੈ।