ਬਲਾਕ ਰੂਪਨਗਰ ਦੇ ਪਿੰਡ ਖੁਆਸਪੁਰਾ ਤੇ ਦੁਲਚੀਮਾਜਰਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ

ਰੂਪਨਗਰ, 18 ਅਕਤੂਬਰ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਸ਼੍ਰੀ ਹਰਵਿੰਦਰ ਲਾਲ ਚੋਪੜਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ.ਆਰ.ਐਮ. ਸਕੀਮ ਅਧੀਨ ਫਸਲੀ ਰਹਿੰਦ ਖੂਹੰਦ ਦੀ ਸਾਂਭ ਸੰਭਾਲ ਅਤੇ ਸੁਚੱਜੀ ਵਰਤੋਂ ਕਰਨ ਲਈ 17 ਅਕਤੂਬਰ ਨੂੰ ਬਲਾਕ ਰੂਪਨਗਰ ਦੇ ਪਿੰਡ ਖੁਆਸਪੁਰਾ ਤੇ ਦੁਲਚੀਮਾਜਰਾ ਵਿਖੇ ਕਿਸਾਨ ਸਿਖਲਾਈ ਕੈਂਪ ਗਿਆ। ਜਿਸ ਵਿੱਚ ਪਿੰਡ ਦੇ ਅਗਾਂਹਵਧੂ ਕਿਸਾਨਾਂ ਵਲੋਂ ਭਾਗ ਲਿਆ ਗਿਆ। ਇਸ ਕੈਂਪ ਵਿੱਚ ਕਿਸਾਨਾਂ ਨੂੰ 50 ਮਿੰਨੀ ਕਿੱਟਾਂ, ਬਾਇਓਡੀਕੰਪੋਜ਼ਰ ਦੇ ਟਰਾਇਲ ਅਤੇ ਪਰਾਲੀ ਪ੍ਰਬੰਧਨ ਸਬੰਧੀ ਲਿਟਰੇਚਰ ਵੀ ਵੰਡਿਆ ਗਿਆ।
ਇਸ ਕੈਂਪ ਦੌਰਾਨ ਬਲਾਕ ਖੇਤੀਬਾੜੀ ਅਫਸਰ ਰੂਪਨਗਰ ਡਾ.ਰਮਨ ਕਰੋੜੀਆ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਣ ਨਾਲ ਹੋਣ ਵਾਲੇ ਹਵਾ ਦੇ ਪ੍ਰਦੂਸ਼ਣ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਦੇ ਘੱਟਣ ਬਾਬਤ ਜਾਣਕਾਰੀ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਹਾੜੀ ਸੀਜਨ ਦੀ ਫਸਲਾਂ ਦੀ ਕਾਸ਼ਤ ਬਾਰੇ ਵੀ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਜਿੱਥੇ ਝੋਨੇ ਦੀ ਪਰਾਲੀ ਨੂੰ ਮਿੱਟੀ ਵਿੱਚ ਮਿਲਾਕੇ ਇਸਦੀ ਸੰਭਾਲ ਕੀਤੀ ਜਾ ਸਕਦੀ ਉਥੇ ਜੇਕਰ ਅਜਿਹੀ ਸਥਿਤੀ ਹੋਵੇ ਕਿ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣਾ ਉਚਿੱਤ ਢੰਗ ਨਾਂ ਜਾਪਦਾ ਹੋਵੇ ਉਥੇ ਉਹ ਕਿਸਾਨ ਇਸਦੀਆਂ ਗੱਠਾਂ ਬਣਾ ਕੇ ਖੇਤ ਤੋਂ ਬਾਹਰ ਇਸਦੀ ਸਾਂਭ ਸੰਭਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸੀ.ਆਰ.ਐਮ ਸਕੀਮ ਅਧੀਨ ਮਸ਼ੀਨਾਂ ਸਬਸਿਡੀ ਉੱਤੇ ਕਿਸਾਨਾਂ ਨੂੰ ਵੰਡੀਆਂ ਜਾ ਰਹੀਆਂ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਪਰਾਲੀ ਲਗਾਤਾਰ 12 ਸਾਲ ਮਿੱਟੀ ਵਿੱਚ ਮਿਲਾਈ ਜਾਂਦੀ ਹੈ ਤਾਂ ਇਸ ਨਾਲ 5 ਫੀਸਦੀ ਕਣਕ ਦਾ ਅਤੇ 3 ਫੀਸਦੀ ਝੋਨੇ ਦੀ ਫਸਲ ਦਾ ਝਾੜ ਵਧਦਾ ਪਾਇਆ ਗਿਆ ਹੈ। ਜੇਕਰ ਪਰਾਲੀ ਨੂੰ ਖੇਤ ਵਿੱਚ ਸਾੜਿਆ ਜਾਂਦਾ ਹੈ ਤਾਂ ਇਸ ਨਾਲ ਕਈ ਦੇ ਮਿੱਤਰ ਕੀੜੇ ਵੀ ਸੜ ਜਾਂਦੇ ਹਨ ਅਤੇ ਪਰਾਲੀ ਵਿੱਚ ਮੌਜੂਦ ਜਰੂਰੀ ਤੱਤ ਵੀ ਨਸ਼ਟ ਹੋ ਜਾਂਦੇ ਹਨ। ਇਸ ਲਈ ਆਉਣ ਵਾਲੀਆਂ ਨਸਲਾਂ ਨੂੰ ਸਾਫ ਸੁਥਰਾ ਵਾਤਾਵਰਣ ਦੇਣ ਲਈ ਸਾਨੂੰ ਸਾਰਿਆ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈਂ ਕਿ ਝੋਨੇ ਦੀ ਪਰਾਲੀ ਨੂੰ ਬਿਲਕੁਲ ਵੀ ਅੱਗ ਨਾਂ ਲਗਾਈ ਜਾਵੇ ਬਲਕਿ ਸਦੀ ਖੇਤ ਵਿੱਚ ਸੁਚੱਜੀ ਵਰਤੋਂ ਕੀਤੀ ਜਾਵੇ।
ਇਸ ਕੈਂਪ ਵਿੱਚ ਖੇਤੀਬਾੜੀ ਵਿਸਥਾਰ ਅਫਸਰ ਸ਼੍ਰੀ ਬਲਵਿੰਦਰ ਕੁਮਾਰ, ਗੁਰਨਾਮ ਸਿੰਘ ਬੇਲਦਾਰ, ਪਿੰਡਾਂ ਅਗਾਂਹਵਧੂ ਕਿਸਾਨ ਅਤੇ ਬੀਬੀਆਂ ਮੌਜੂਦ ਸਨ।