ਪੰਜਾਬ ‘ਚ ਬਾਦਲਾਂ ਅਤੇ ਕਾਂਗਰਸ ਦੇ ਸਤਾਏ ਹਰ ਵਰਗ ਲਈ ਵੱਡੀ ਉਮੀਦ ਹੈ ਆਮ ਆਦਮੀ ਪਾਰਟੀ-ਰਾਘਵ ਚੱਢਾ

…..ਲੋਕਾਂ ਲਈ ਨਹੀਂ ਸੀਐਮ ਦੀ ਕੁਰਸੀ ਲਈ ਲੜਾਈ ਲੜ ਰਹੇ ਹਨ ਕਾਂਗਰਸੀ

ਲੁਧਿਆਣਾ, 18 ਜੁਲਾਈ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਅਤੇ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਬਾਦਲਾਂ ਦੇ 10 ਸਾਲਾ ਮਾਫ਼ੀਆ ਰਾਜ ਤੋਂ ਬਾਅਦ ਸਾਢੇ 4 ਸਾਲ ਪਹਿਲਾਂ ਸੱਤਾ ‘ਚ ਆਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸੂਬੇ ਦੇ ਹਰੇਕ ਵਰਗ ਨੂੰ ਬੇਹਾਲ ਕਰਕੇ ਰੱਖ ਦਿੱਤਾ ਹੈ। ਅਜਿਹੇ ਬੁਰੇ ਦੌਰ ‘ਚ ਅੱਜ ਆਮ ਆਦਮੀ ਪਾਰਟੀ ਹੀ ਪੰਜਾਬ ਲਈ ਉੱਜਵਲ ਉਮੀਦ ਹੈ।
ਰਾਘਵ ਚੱਢਾ ਐਤਵਾਰ ਨੂੰ ਇੱਥੇ ਸੀਨੀਅਰ ਅਕਾਲੀ ਆਗੂ ਚੌਧਰੀ ਮਦਨ ਲਾਲ ਬੱਗਾ ਨੂੰ ‘ਆਪ’ ‘ਚ ਸ਼ਾਮਲ ਕਰਾਉਣ ਲਈ ਉਚੇਚੇ ਤੌਰ ‘ਤੇ ਪਹੁੰਚੇ ਹੋਏ ਸਨ। ਉਨ੍ਹਾਂ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਮਾਸਟਰ ਬਲਦੇਵ ਸਿੰਘ ਸਮੇਤ ਹੋਰ ਆਗੂ ਵੀ ਮੌਜੂਦ ਸਨ।
ਰਾਘਵ ਚੱਢਾ ਨੇ ਕਿਹਾ ਕਿ ਅੱਜ ਪੰਜਾਬ ਅਤੇ ਪੰਜਾਬ ਦੀ ਸਿਆਸਤ ਬੇਹੱਦ ਬੁਰੇ ਦੌਰ ‘ਚੋਂ ਲੰਘ ਰਹੀ ਹੈ। ਇੱਕ ਪਾਸੇ ਬਾਦਲਾਂ ਨੇ ਸਿਰੋਮਣੀ ਅਕਾਲੀ ਦਲ ਦੀ ਸਾਰੀ ਮਾਣ-ਮਰਿਆਦਾ ਤੇ ਅਸੂਲ ਛਿੱਕੇ ਟੰਗ ਕੇ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਿਆ ਹੈ, ਜਿਸ ਨੂੰ ਅੱਜ ਬੱਚਾ-ਬੱਚਾ ਨਫ਼ਰਤ ਕਰਦਾ ਹੈ। ਦੂਜੇ ਪਾਸੇ ਕਾਂਗਰਸ ਇੱਕ ਅਜਿਹੀ ਪਾਰਟੀ ਹੈ, ਜੋ ਬੇਅਦਬੀ ਦੇ ਇਨਸਾਫ਼ ਦੀ ਲੜਾਈ ਨਹੀਂ ਲੜ ਰਹੀ। ਕਿਸਾਨਾਂ-ਮਜ਼ਦੂਰਾਂ ਦੇ ਹੱਕ ਦੀ ਲੜਾਈ ਨਹੀਂ ਲੜ ਰਹੀ। ਬੇਰੁਜ਼ਗਾਰੀ ਅਤੇ ਨਸ਼ੇ ਦੇ ਖ਼ਿਲਾਫ਼ ਨਹੀਂ ਲੜ ਰਹੀ। ਮਹਿਲਾਵਾਂ-ਬੁਜਰਗਾਂ ਦੇ ਸਨਮਾਨ ਦੀ ਲੜਾਈ ਨਹੀਂ ਲੜ ਰਹੀ। ਬਿਜਲੀ ਮਾਫ਼ੀਆ, ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਵਿਰੁੱਧ ਲੜਾਈ ਨਹੀਂ ਲੜ ਰਹੀ। ਕਾਂਗਰਸ ਸਿਰਫ਼ ਮੁੱਖਮੰਤਰੀ ਅਤੇ ਪ੍ਰਧਾਨਗੀ ਦੀ ਕੁਰਸੀ  ਦੀ ਲੜਾਈ ਲੜੀ ਜਾ ਰਹੀ ਹੈ।
ਰਾਘਵ ਚੱਢਾ ਨੇ ਪੰਜਾਬ ਅਤੇ ਪੰਜਾਬ ਦੀ ਬੇਹਾਲ ਜਨਤਾ ਦਾ ਵਾਸਤਾ ਦਿੰਦੇ ਹੋਏ ਕਿਹਾ ਕਿ ਛੇਤੀ ਤੋਂ ਛੇਤੀ ਕੁਰਸੀ ਦੀ ਲੜਾਈ ਖ਼ਤਮ ਕਰੋ ਅਤੇ ਘੱਟੋ-ਘੱਟ ਹੁਣ ਆਖ਼ਰੀ 6 ਮਹੀਨੇ ਤਾਂ ਲੋਕਾਂ ਦੀ ਸੇਵਾ ‘ਚ ਲਗਾ ਦਿਓ। ਕੁਰਸੀ ਦੀ ਥਾਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਬਾਰੇ ਸੋਚੋ, ਨਹੀਂ ਤਾਂ ਬਾਦਲਾਂ ਵਾਂਗ ਲੋਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੋ।
ਰਾਘਵ ਚੱਢਾ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਹਰ ਵਰਗ ਆਮ ਆਦਮੀ ਪਾਰਟੀ ਨੂੰ ਇੱਕ ਉਮੀਦ ਵਜੋਂ ਦੇਖ ਰਿਹਾ ਹੈ।