’ਆਪ’ ਵੱਲੋਂ ਕਾਂਗਰਸ ‘ਤੇ ਨਾਜਾਇਜ਼ ਮਾਈਨਿੰਗ ‘ਚ ਸ਼ਾਮਲ ਆਪਣੇ ਆਗੂਆਂ ਨੂੰ ਬਚਾਉਣ ਦਾ ਦੋਸ਼: ਕਿਹਾ, ਜਾਂਚ ਤੋਂ ਬਾਅਦ ਹੋਵੇਗਾ ਸਾਰਾ ਖੁਲਾਸਾ

ਕਾਂਗਰਸ ਸਰਕਾਰ ਨੇ ਰਾਣਾ ਕੇਪੀ ਸਿੰਘ ਖਿਲਾਫ ਸੀਬੀਆਈ ਦੀ ਸ਼ਿਕਾਇਤ ‘ਤੇ ਕਾਰਵਾਈ ਕਿਉਂ ਨਹੀਂ ਕੀਤੀ? – ਆਪ 

ਜੇਕਰ ਕੁੱਝ ਗਲਤ ਨਹੀਂ ਕੀਤਾ ਤਾਂ ਕਾਂਗਰਸੀ ਆਗੂ ਜਾਂਚ ਤੋਂ ਡਰ ਕਿਉਂ ਰਹੇ ਹਨ?: ਮਲਵਿੰਦਰ ਕੰਗ

ਚੰਡੀਗੜ੍ਹ, 21 ਸਤੰਬਰ  :- 

ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ‘ਤੇ ਆਪਣੇ ‘ਲੁਟੇਰੇ ਆਗੂਆਂ’ ਨੂੰ ਬਚਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸੀਆਂ ਨੇ ਆਮ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਬਜਾਏ ਦਹਾਕਿਆਂ ਤੋਂ ਪੰਜਾਬ ਨੂੰ ਲੁੱਟਿਆ ਹੈ।

ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਾਂਗਰਸ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਦੇ ਆਗੂ ਸਾਫ਼-ਸੁਥਰੇ ਹਨ ਅਤੇ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ ਤਾਂ ਉਹ ਜਾਂਚ ਤੋਂ ਕਿਉਂ ਡਰਦੇ ਹਨ। ਕੰਗ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਸਿਰਫ਼ ਸਿਆਸਤ ਦੀ ਖ਼ਾਤਰ ਆਪਣੇ ਆਗੂਆਂ ਦੇ ‘ਗੁਨਾਹਾਂ’ ‘ਤੇ ਪਰਦਾ ਨਾ ਪਾਉਣ ਅਤੇ ਸੱਚ ਨੂੰ ਸਾਹਮਣੇ ਲਿਆਉਣ ‘ਚ ਸਹਿਯੋਗ ਦੇਣ।

9 ਜੁਲਾਈ, 2021 ਦੇ ਸੀਬੀਆਈ ਦੇ ਇੱਕ ਪੱਤਰ ਦਾ ਹਵਾਲਾ ਦਿੰਦੇ ਹੋਏ ਕੰਗ ਨੇ ਕਿਹਾ ਕਿ ਸੀਬੀਆਈ ਨੇ ਪੰਜਾਬ ਰਾਜ ਦੇ ਮੁੱਖ ਸਕੱਤਰ ਨੂੰ ਆਪਣੇ ਪੱਤਰ ‘ਚ ਉਸ ਸਮੇਂ ਦੇ ਵਿਧਾਨ ਸਭਾ ਸਪੀਕਰ ਅਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਕੇਪੀ ਸਿੰਘ ਦੁਆਰਾ ਕਥਿਤ ਤੌਰ ‘ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਨਜ਼ਾਇਜ ਮਾਈਨਿੰਗ ਕਰਨ ਦਾ ਜ਼ਿਕਰ ਕੀਤਾ ਗਿਆ ਸੀ। ਪਰ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਮਾਮਲਾ ਦਬਾ ਦਿੱਤਾ ਸੀ।

ਸੀਬੀਆਈ ਨੇ ਅਸਲ ਦਸਤਾਵੇਜ਼ਾਂ ਦੇ ਨਾਲ ਇੱਕ ਸ਼ਿਕਾਇਤ ਭੇਜੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਰਾਣਾ ਕੇ ਪੀ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਸੀ ਅਤੇ ਉਹ ਰੋਪੜ ਅਤੇ ਆਨੰਦਪੁਰ ਸਾਹਿਬ ਵਿੱਚ ਆਪਣੇ ਸਹਿਯੋਗੀਆਂ ਰਾਹੀਂ ਕਰੱਸ਼ਰ ਮਾਲਕਾਂ ਤੋਂ ‘ਪ੍ਰੋਟੈਕਸ਼ਨ ਮਨੀ’ ਵਜੋਂ ਲੱਖਾਂ ਰੁਪਏ ਦੀ ਮਹੀਨਾਵਾਰ ਅਦਾਇਗੀ ਲੈ ਰਿਹਾ ਸੀ। ਪਰ ਤਤਕਾਲੀ ਸਰਕਾਰ ਨੇ ਇਸ ਮਾਮਲੇ ਦੀ ਕੋਈ ਜਾਂਚ ਨਹੀਂ ਕੀਤੀ।

ਕਾਂਗਰਸ ਨੂੰ ‘ਭ੍ਰਿਸ਼ਟ ਲੋਕਾਂ’ ਦੀ ਪਾਰਟੀ ਕਰਾਰ ਦਿੰਦਿਆਂ ਕੰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਅਤੇ ਘੁਟਾਲੇ ਸਾਹਮਣੇ ਆਏ ਸਨ ਅਤੇ ਮਾਨ ਸਰਕਾਰ ਬਿਨਾਂ ਕਿਸੇ ਪੱਖਪਾਤ ਦੇ ਸਾਰੇ ਭ੍ਰਿਸ਼ਟ ਲੋਕਾਂ ਖਿਲਾਫ ਸਹੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬਦਕਿਸਮਤੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਸਹਿਯੋਗ ਦੇਣ ਦੀ ਬਜਾਏ ਕਾਂਗਰਸ ਲੀਡਰਸ਼ਿਪ ਹਲੇ ਵੀ ਉਨ੍ਹਾਂ ਦੇ ਭ੍ਰਿਸ਼ਟ ਕੰਮਾਂ ‘ਤੇ ਪਰਦਾ ਪਾ ਰਹੀ ਹੈ।

ਕੰਗ ਨੇ ਕਿਹਾ ਕਿ ‘ਆਪ’ ਦੇ ਸ਼ਾਸਨ ‘ਚ ਇਹੀ ਫਰਕ ਹੈ ਕਿ ਅਸੀਂ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਂਦੇ ਹਾਂ ਪਰ ਕਾਂਗਰਸ ਨੇ ਸਿਰਫ ਬੇਈਮਾਨ ਲੋਕਾਂ ਦੀ ਸਰਪ੍ਰਸਤੀ ਕੀਤੀ ਹੈ। ਉਨ੍ਹਾਂ ਨੇ ਸਿਰਫ ਪੰਜਾਬੀਆਂ ਨੂੰ ਲੁੱਟਿਆ ਹੈ।

ਉਨ੍ਹਾਂ ਕਿਹਾ ਕਿ ਵਿਜੀਲੈਂਸ ਵੱਲੋਂ ਕੇਪੀ ਸਿੰਘ ਖ਼ਿਲਾਫ਼ ਦੋਸ਼ ਹਨ ਅਤੇ ਉਹ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਪਰ ਉਹ ਆਪਣੇ ਜੁਰਮਾਂ ’ਤੇ ਪਰਦਾ ਪਾਉਣ ਲਈ ਪੰਜਾਬ ਦੇ ਮੰਤਰੀ ਹਰਜੋਤ ਸਿੰਘ ਬੈਂਸ ਖ਼ਿਲਾਫ਼ ਬੇਬੁਨਿਆਦ ਦੋਸ਼ ਲਗਾ ਰਿਹਾ ਹੈ।

ਕਾਂਗਰਸ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰਦਿਆਂ ਕੰਗ ਨੇ ਕਿਹਾ ਕਿ ‘ਆਪ’ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦੀ ਅਤੇ ਉਨ੍ਹਾਂ ਦੀ ਸਰਕਾਰ ਸਿਸਟਮ ਨੂੰ ਸੁਧਾਰਨ ਲਈ ਕੰਮ ਕਰ ਰਹੀ ਹੈ।
ਇਸ ਲਈ ਉਹ ਉਨ੍ਹਾਂ ਸਾਰੇ ਲੋਕਾਂ ਦਾ ਪਰਦਾਫਾਸ਼ ਕਰ ਰਹੇ ਹਨ, ਜਿਨ੍ਹਾਂ ਨੇ ਆਪਣਾ ਖਜ਼ਾਨਾ ਭਰਨ ਲਈ ਪੰਜਾਬ ਅਤੇ ਇਸ ਦੇ ਲੋਕਾਂ ਨੂੰ ਲੁੱਟਿਆ ਹੈ।

ਕਾਂਗਰਸੀ ਆਗੂਆਂ ’ਤੇ ਨਾਜਾਇਜ਼ ਮਾਈਨਿੰਗ ’ਚ ਸ਼ਾਮਲ ਹੋਣ ਦਾ ਦੋਸ਼ ਲਾਉਂਦਿਆਂ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਦੀ ਜਾਂਚ ਕਰਵਾ ਕੇ ਸਭ ਦਾ ਪਰਦਾਫਾਸ਼ ਕੀਤਾ ਜਾਵੇਗਾ।

 

ਹੋਰ ਪੜ੍ਹੋ:-
ਡਿਪਟੀ ਕਮਿਸ਼ਨਰ ਨੇ ਸੈਨੀਟੇਸ਼ਨ ਵਿਭਾਗ ਨੂੰ ਸਰਹੱਦੀ ਚੌਂਕੀਆਂ ਨੇੜੇ ਵਾਸ਼ਰੂਮ ਬਣਾ ਕੇ ਦੇਣ ਦੀ ਹਦਾਇਤ ਕੀਤੀ