20 ਦਿਨਾਂ ‘ਚ ਧਰਮਸੋਤ ਨਾ ਕੱਢਿਆ ਤਾਂ ਰਾਜੇ ਦਾ ਸਿਸਵਾਂ ਫਾਰਮ ਹਾਊਸ ਘੇਰਾਂਗੇ- ਪ੍ਰੋ. ਬਲਜਿੰਦਰ ਕੌਰ
10 ਦਿਨਾਂ ਤੋਂ ਜਾਰੀ ਸੀ ਧਰਨਾ, ਸਾਰੀ ਰਾਤ ਧਰਨੇ ‘ਤੇ ਬੈਠੀ ‘ਆਪ’ ਵਿਧਾਇਕਾ
ਨਾਭਾ/ਪਟਿਆਲਾ, 11 ਸਤੰਬਰ 2020
ਦਲਿਤ ਵਿਦਿਆਰਥੀਆਂ ਨਾਲ ਸੰਬੰਧਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜ਼ੀਫ਼ਾ) ਸਕੀਮ ‘ਚ ਕਰੋੜਾਂ ਰੁਪਏ ਦੇ ਘਪਲੇ ‘ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਇੱਥੇ ਮੰਤਰੀ ਦੀ ਕੋਠੀ ਮੂਹਰੇ 10 ਦਿਨਾਂ ਤੋਂ ਲਗਾਇਆ ਦਿਨ-ਰਾਤ ਦਾ ਧਰਨਾ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦੀ ਚਿਤਾਵਨੀ ਨਾਲ ਚੁੱਕ ਲਿਆ ਹੈ।

ਸ਼ੁੱਕਰਵਾਰ ਇੱਥੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੀ ਸੀਨੀਅਰ ਆਗੂ ਅਤੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਐਲਾਨ ਕੀਤਾ ਕਿ ਜੇਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 20 ਦਿਨਾਂ ਦੇ ਅੰਦਰ-ਅੰਦਰ ਆਪਣੇ ਭ੍ਰਿਸ਼ਟ ਅਤੇ ‘ਕਮਾਊ ਪੁੱਤ’ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਕਰਕੇ ਮੁਕੱਦਮਾ ਦਰਜ ਨਹੀਂ ਕਰਦੇ ਤਾਂ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿਦਿਆਰਥੀਆਂ ਖ਼ਾਸ ਕਰਕੇ ਦਲਿਤ ਘਰਾਂ ਦੇ ਵਿਦਿਆਰਥੀਆਂ ਨੂੰ ਲਾਮਬੰਦ ਕਰਕੇ ਸਿਸਵਾਂ ਸਥਿਤ ਰਾਜੇ ਦੇ ਸ਼ਾਹੀ ਫਾਰਮ ਹਾਊਸ ਦਾ ਘਿਰਾਓ ਕਰੇਗੀ।
ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਇਹ ਫ਼ੈਸਲਾ ‘ਆਪ’ ਦੀ ਸੂਬਾ ਪੱਧਰੀ ਬੈਠਕ ਦੌਰਾਨ ਲਿਆ ਗਿਆ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਜਿਸ ਢੀਠਤਾਈ ਨਾਲ ਸਾਧੂ ਸਿੰਘ ਧਰਮਸੋਤ ਐਂਡ ਜੁੰਡਲ਼ੀ ਨੂੰ ‘ਕਲੀਨ ਚਿੱਟ’ ਦੇਣ ‘ਚ ਜੁਟੇ ਹਨ, ਉਸ ਤੋਂ ਸਾਫ਼ ਹੈ ਕਿ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ਿਆਂ ‘ਤੇ ਡਾਕੇ ਦੀ ਰਾਸ਼ੀ ਦਾ ਹਿੱਸਾ ਸਿਸਵਾਂ ਫਾਰਮ ਹਾਊਸ ਅਤੇ ਮੋਤੀ ਮਹਿਲ ਪਹੁੰਚਦਾ ਹੈ।
ਪ੍ਰੋ. ਬਲਜਿੰਦਰ ਕੌਰ ਨੇ ਮੰਗ ਕੀਤੀ ਕਿ ਇਸ ਪੂਰੇ ਘੁਟਾਲੇ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜਾਂ ਦੀ ਨਿਗਰਾਨੀ ਹੇਠ ਸੀਬੀਆਈ ਕਰੇ।
ਪ੍ਰੋ. ਬਲਜਿੰਦਰ ਕੌਰ ਨੇ ਵੀਰਵਾਰ ਰਾਤ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਬਾਕੀ ਲੀਡਰਾਂ ਨਾਲ ਥਾਣੇ ਦਾ ਘਿਰਾਓ ਕਰਕੇ ਪੁਲਸ ਵੱਲੋਂ ਹਿਰਾਸਤ ‘ਚ ਲਏ ‘ਆਪ’ ਦੇ 5 ਆਗੂਆਂ ਦੀ ਰਿਹਾਈ ਕਰਵਾਈ ਅਤੇ ਪੂਰੀ ਰਾਤ ਧਰਨਾ ਸਥਾਨ ‘ਤੇ ਹੀ ਕੱਟੀ।
ਇਸ ਮੌਕੇ ਚੇਤਨ ਸਿੰਘ ਜੋੜੇਮਾਜਰਾ, ਗਿਆਨ ਸਿੰਘ ਮੂੰਗੋ, ਕਰਨਵੀਰ ਸਿੰਘ ਟਿਵਾਣਾ, ਦੇਵ ਮਾਨ, ਜੱਸੀ ਸੋਹੀਆਂਵਾਲਾ, ਵਰਿੰਦਰ ਸਿੰਘ ਬਿੱਟੂ, ਪ੍ਰੀਤੀ ਮਲਹੋਤਰਾ, ਇੰਦਰਜੀਤ ਕੌਰ ਸੰਧੂ, ਬਲਕਾਰ ਸਿੰਘ ਗੱਜੂ ਮਾਜਰਾ, ਦਵਿੰਦਰ ਬਰਾਸ, ਜੇ.ਪੀ ਸਿੰਘ, ਜਗਜੀਤ ਕੌਰ ਜਵੰਦਾ, ਕੁੰਦਨ ਗੋਗੀਆ, ਵੀਰਪਾਲ ਸਿੰਘ ਚਹਿਲ, ਸੰਦੀਪ ਬੰਧੂ, ਗੁਰਪ੍ਰੀਤ ਗੋਪੀ, ਜਗਜੀਤ ਕੌਰ ਜਵੰਦਾ, ਦੀਪਾ ਰਾਮਪੁਰ, ਸਨੀ ਪਟਿਆਲਾ ਅਤੇ ਹੋਰ ਆਗੂ ਮੌਜੂਦ ਸਨ।

English






