ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ਬਾਦਲ, ਅਕਾਲੀ ਦਲ ਦੇ ਕਿਸੇ ਵੀ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਰੱਦ ਨਹੀਂ ਹੋਇਆ: ਤਲਬੀਰ ਸਿੰਘ ਗਿੱਲ
ਅਕਾਲੀ ਦਲ ਕੋਲ ਉਮੀਦਵਾਰ ਹੀ ਨਹੀਂ, ਮਜਬੂਰੀ ਵਿੱਚ ਐੱਸ.ਜੀ.ਪੀ.ਸੀ. ਦੇ ਕਰਮਚਾਰੀਆਂ ਨੂੰ ਚੋਣ ਲੜਾਈ ਜਾ ਰਹੀ: ਗਿੱਲ
14 ਤਾਰੀਖ ਨੂੰ ਜਨਤਾ ਅਕਾਲੀ ਦਲ ਦੇ ਝੂਠ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦੇਵੇਗੀ:ਗਿੱਲ
ਮਜੀਠਾ, 11 ਦਸੰਬਰ 2025
ਆਮ ਆਦਮੀ ਪਾਰਟੀ (‘ਆਪ’) ਦੇ ਨੇਤਾ ਤਲਬੀਰ ਸਿੰਘ ਗਿੱਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਵਰਤੀ ਗਈ ਗਲਤ ਸ਼ਬਦਾਵਲੀ ਅਤੇ ਬੇਬੁਨਿਆਦ ਇਲਜ਼ਾਮਾਂ ‘ਤੇ ਤਿੱਖਾ ਪਲਟਵਾਰ ਕੀਤਾ ਹੈ। ਗਿੱਲ ਨੇ ਬਾਦਲ ਅਤੇ ਵਿਧਾਇਕਾ ਗਨੀਵ ਕੌਰ ਨੂੰ ਚੁਣੌਤੀ ਦਿੰਦਿਆਂ ਪੁੱਛਿਆ ਕਿ ਉਹ ਸਬੂਤ ਦੇਣ ਕਿ ਮਜੀਠਾ ਹਲਕੇ ਵਿੱਚ ਕਿਸ ਨਾਲ ਅਤੇ ਕਿਹੋ ਜਿਹੀ ਧੱਕੇਸ਼ਾਹੀ ਹੋਈ ਹੈ।
ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਗਿੱਲ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ ਦੇ ਕਿਸੇ ਵੀ ਉਮੀਦਵਾਰ, ਭਾਵੇਂ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਹੋਵੇ ਜਾਂ ਬਲਾਕ ਸੰਮਤੀ ਦਾ, ਕਿਸੇ ਦਾ ਵੀ ਨਾਮਜ਼ਦਗੀ ਪੱਤਰ ਰੱਦ ਨਹੀਂ ਹੋਇਆ ਹੈ। ਸਭ ਦਾ ਨਾਮਜ਼ਦਗੀ ਸ਼ਾਂਤੀਪੂਰਵਕ ਹੋਇਆ ਹੈ। ਸੱਚਾਈ ਇਹ ਹੈ ਕਿ ਅਕਾਲੀ ਦਲ ਨੂੰ ਮਜੀਠਾ ਵਿੱਚ ਉਮੀਦਵਾਰ ਹੀ ਨਹੀਂ ਮਿਲ ਰਹੇ। ਸੁਖਬੀਰ ਬਾਦਲ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਚਮੁੰਡਾ ਦੇਵੀ ਸਰਕਲ ਵਰਗੇ ਕਈ ਖੇਤਰਾਂ ਵਿੱਚ ਉਨ੍ਹਾਂ ਕੋਲ ਉਮੀਦਵਾਰ ਹਨ?
ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਅਕਾਲੀ ਦਲ ਆਪਣੇ ਹੀ ਅੰਦਰੂਨੀ ਕਲੇਸ਼ ਦਾ ਸ਼ਿਕਾਰ ਹੈ, ਇਸ ਲਈ ਉਸਨੂੰ ਮਜਬੂਰੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਕਰਮਚਾਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਪੈ ਰਿਹਾ ਹੈ।
ਗਿੱਲ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਢੱਡੇ ਜ਼ੋਨ ਤੋਂ ਅਕਾਲੀ ਦਲ ਨੂੰ ਕੋਈ ਉਮੀਦਵਾਰ ਨਹੀਂ ਮਿਲਿਆ, ਇਸ ਲਈ ਐੱਸ.ਜੀ.ਪੀ.ਸੀ. ਦੇ ਕਰਮਚਾਰੀ ਸਵਰੂਪ ਸਿੰਘ ਨੂੰ ਚੋਣ ਲੜਾਈ ਜਾ ਰਹੀ ਹੈ। ਉੱਥੇ ਹੀ, ਪੋਮਾ ਜ਼ੋਨ ਵਿੱਚ ਐੱਸ.ਜੀ.ਪੀ.ਸੀ. ਦੇ ਇੱਕ ਹੋਰ ਮੁਲਾਜ਼ਮ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦੇ ਕੇ ਜ਼ਬਰਦਸਤੀ ਚੋਣ ਲੜਾਈ ਜਾ ਰਹੀ ਹੈ। ਉਹ ਕਰਮਚਾਰੀ ਮੇਰੇ ਸੰਪਰਕ ਵਿੱਚ ਹੈ ਅਤੇ ਉਸਨੇ ਦੱਸਿਆ ਹੈ ਕਿ ‘ਸਾਨੂੰ ਬਹੁਤ ਦਬਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਿਰਫ਼ ਰਸਮੀ ਕਾਰਵਾਈ ਵਜੋਂ ਕਾਗਜ਼ ਭਰੇ ਹਨ।ਗਿੱਲ ਨੇ ਕਿਹਾ ਕਿ ਮਜੀਠਾ ਹਲਕੇ ਵਿੱਚ ਅਕਾਲੀ ਦਲ ਨੂੰ ਹਾਰ ਤੋਂ ਬਚਾਉਣ ਲਈ ਹੀ ਸੁਖਬੀਰ ਸਿੰਘ ਬਾਦਲ ਨੂੰ ਇੱਥੇ ਆਉਣਾ ਪਿਆ, ਪਰ ਹੁਣ ਉਨ੍ਹਾਂ ਦੀ ਹਾਰ ਯਕੀਨੀ ਹੈ।
ਸੁਖਬੀਰ ਬਾਦਲ ਦੇ ਇਹ ਕਹਿਣ ‘ਤੇ ਕਿ ਉਹ ਅੱਜ ਵੀ ਸਕੂਟਰ ‘ਤੇ ਘੁੰਮਦੇ ਹਨ, ਗਿੱਲ ਨੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ 2007 ਤੋਂ 2017 ਤੱਕ ਅਕਾਲੀ ਦਲ ਨੇ ਜਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ, ਉਸੇ ਦਾ ਨਤੀਜਾ ਹੈ ਕਿ ਅੱਜ ਉਨ੍ਹਾਂ ਕੋਲ ਫਾਰਮ ਹਾਊਸ, ਸੁਖ ਵਿਲਾਸ, ਚੰਡੀਗੜ੍ਹ ਵਿੱਚ ਚਾਰ-ਪੰਜ ਲਿਫਟ ਵਾਲੀਆਂ ਕੋਠੀਆਂ ਅਤੇ ਗੁਰੂਗ੍ਰਾਮ ਵਿੱਚ ਵੱਡਾ ਹੋਟਲ ਹੈ। ਜਨਤਾ ਸਭ ਜਾਣਦੀ ਹੈ। ਸਕੂਟਰ ਦੀ ਗੱਲ ਕਰਕੇ ਉਹ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਨਹੀਂ ਕਰ ਸਕਦੇ। 14 ਤਾਰੀਖ ਨੂੰ ਮਜੀਠਾ ਦੀ ਜਨਤਾ ਅਕਾਲੀ ਦਲ ਦੇ ਝੂਠ ਅਤੇ ਧੱਕੇਸ਼ਾਹੀ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦੇਵੇਗੀ।

English






