ਗੈਂਗਸਟਰਾਂ ਦੀ ਮਦਦ ਲੈਣ ਵਾਲੇ ਅਕਾਲੀਆਂ ਨੂੰ ਪੰਜਾਬ ਨੇ ਨਕਾਰ ਦਿੱਤਾ – ਧਾਲੀਵਾਲ
ਮਾਝੇ ਨੇ ਕਾਂਗਰਸ ਦਾ ਹੰਕਾਰ ਤੋੜਿਆ, 79 ਵਿੱਚੋਂ 58 ਸੀਟਾਂ ਜਿੱਤ ਕੇ ‘ਆਪ’ ਨੇ ਰਚਿਆ ਇਤਿਹਾਸ – ਧਾਲੀਵਾਲ
ਮਾਝੇ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਨੀਤੀਆਂ ‘ਤੇ ਲਾਈ ਮੋਹਰ, 2027 ਵਿੱਚ ‘ਆਪ’ ਦੀ ਸਰਕਾਰ ਬਣਨੀ ਤੈਅ – ਧਾਲੀਵਾਲ
ਅੰਮ੍ਰਿਤਸਰ/ਚੰਡੀਗੜ੍ਹ, 19 ਦਸੰਬਰ 2025
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ 19 ਜਨਵਰੀ ਤੈਅ ਕਰਕੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਵੱਡਾ ਕਾਨੂੰਨੀ ਝਟਕਾ ਦਿੱਤਾ ਹੈ। ਹਾਈ ਕੋਰਟ ਤੋਂ ਬਾਅਦ ਹੁਣ ਦੇਸ਼ ਦੀ ਸਰਵਉੱਚ ਅਦਾਲਤ ਤੋਂ ਵੀ ਅਕਾਲੀ ਆਗੂ ਨੂੰ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਹੈ।
ਇੱਕ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਮਜੀਠੀਆ ਨੂੰ ਸਿਰਫ਼ ਕਾਨੂੰਨੀ ਤੌਰ ‘ਤੇ ਹੀ ਨਹੀਂ, ਸਗੋਂ ਸਿਆਸੀ ਤੌਰ ‘ਤੇ ਵੀ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੇ ਆਪਣੇ ਹਲਕੇ ਮਜੀਠਾ ਵਿੱਚ, ਜਿਸ ਨੂੰ ਅਕਾਲੀ ਦਲ ਆਪਣਾ ਗੜ੍ਹ ਮੰਨਦਾ ਸੀ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਜਨਤਾ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ‘ਆਪ’ ਨੇ ਮਜੀਠਾ ਦੀਆਂ 4 ਵਿੱਚੋਂ 3 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਜਿੱਤ ਕੇ ਅਕਾਲੀਆਂ ਦਾ 50 ਸਾਲਾਂ ਦਾ ਕਬਜ਼ਾ ਖ਼ਤਮ ਕਰ ਦਿੱਤਾ ਹੈ। ਬਲਾਕ ਸੰਮਤੀ ਵਿੱਚ ਵੀ ‘ਆਪ’ ਨੂੰ ਪੂਰਨ ਬਹੁਮਤ ਮਿਲਣਾ ਇਤਿਹਾਸਕ ਹੈ। ਆਪ ਪ੍ਰਧਾਨ ਅੰਮ੍ਰਿਤਸਰ (ਦਿਹਾਤੀ) ਗੁਰਪ੍ਰਤਾਪ ਸਿੰਘ ਸੰਧੂ ਵੀ ਨਾਲ ਮੌਜੂਦ ਸਨ
ਉਨ੍ਹਾਂ ਦੋਸ਼ ਲਾਇਆ ਕਿ ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਅਕਾਲੀ ਦਲ ਨੇ ਗੈਂਗਸਟਰਾਂ ਦੀ ਮਦਦ ਨਾਲ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ, ਪਰ ਪੰਜਾਬ ਦੀ ਅਮਨ-ਪਸੰਦ ਜਨਤਾ ਨੇ ਉਨ੍ਹਾਂ ਦੀ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਮਾਝੇ ਵਿੱਚ ਪਿਛਲੀ ਵਾਰ ਅਸੀਂ 16 ਸੀਟਾਂ ਜਿੱਤੀਆਂ ਸਨ, ਪਰ ਜਿਸ ਤਰ੍ਹਾਂ ਦਾ ਜਨ ਸਮਰਥਨ ਹੁਣ ਮਿਲ ਰਿਹਾ ਹੈ, 2027 ਵਿੱਚ ‘ਆਪ’ ਇੱਥੇ 21 ਤੋਂ ਵੱਧ ਸੀਟਾਂ ਜਿੱਤ ਕੇ ਨਵਾਂ ਰਿਕਾਰਡ ਬਣਾਏਗੀ। ਪੂਰਾ ਪੰਜਾਬ ਹੁਣ ਗੁੰਡਾਗਰਦੀ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇ ਨਾਲ ਖੜ੍ਹਾ ਹੈ।
ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਧਾਲੀਵਾਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਰੰਧਾਵਾ ਵਰਗੇ ਵੱਡੇ ਆਗੂਆਂ ਨੂੰ ਵਹਿਮ ਸੀ ਕਿ ਮਾਝੇ ਵਿੱਚ ਆਮ ਆਦਮੀ ਪਾਰਟੀ ਕਮਜ਼ੋਰ ਹੈ। ਉਨ੍ਹਾਂ ਨੇ ਪੂਰੀ ਤਾਕਤ ਲਗਾ ਦਿੱਤੀ ਸੀ, ਪਰ ‘ਆਪ’ ਨੇ ਕਾਂਗਰਸ ਦੇ ਹੰਕਾਰ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਕੁੱਲ 79 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਵਿੱਚੋਂ ‘ਆਪ’ ਨੇ 58 ਸੀਟਾਂ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ।
ਉਨ੍ਹਾਂ ਕਿਹਾ ਕਿ ਮਾਝੇ ਦੇ ਲੋਕਾਂ ਨੇ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਨੀਤੀਆਂ ‘ਤੇ ਮੋਹਰ ਲਗਾਈ ਹੈ, ਉਸ ਤੋਂ ਇਹ ਸਾਫ਼ ਹੋ ਗਿਆ ਹੈ ਕਿ ਹੁਣ ਇੱਥੇ ਰਵਾਇਤੀ ਰਾਜਨੀਤੀ ਦੇ ਦਿਨ ਲੱਦ ਚੁੱਕੇ ਹਨ। ‘ਆਪ’ ਆਗੂ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ 2027 ਵਿੱਚ ਮੁੜ ‘ਆਪ’ ਦੀ ਸਰਕਾਰ ਬਣਨ ਦਾ ਰਾਹ ਸਾਫ਼ ਕਰ ਦਿੱਤਾ ਹੈ।

English






