ਨਸ਼ਿਆਂ ਦੇ ਮਾਮਲੇ ਤੇ ਕੈਪਟਨ ਦੀ ਝੂਠੀ ਸਹੁੰ ਦੇ ਵਿਰੋਧ ਵਿੱਚ ‘ਆਪ’ ਕਰੇਗੀ ਬਠਿੰਡਾ ਤੋਂ ਪਟਿਆਲੇ ਤੱਕ ਮੋਟਰ ਸਾਈਕਲ ਰੈਲੀ: ਮੀਤ ਹੇਅਰ

ਗੁਲਾਬੀ ਸੁੰਡੀ ਕਾਰਣ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਵੇ ਪੰਜਾਬ ਸਰਕਾਰ
ਸਰਕਾਰ ਦੀ ਮਿਲੀਭੁਗਤ ਕਾਰਨ ਬਠਿੰਡਾ ਖੇਤਰ ਵਿੱਚ ਲਗਾਤਾਰ ਹੋ ਰਹੀਆਂ ਨਸ਼ੇ ਨਾਲ ਮੌਤਾਂ
ਬਠਿੰਡਾ, 10 ਸਤੰਬਰ 2021
ਮਾਲਵਾ ਖੇਤਰ ਵਿੱਚ ਫੈਲੀ ਗੁਲਾਬੀ ਸੁੰਡੀ ਅਤੇ ਨਸ਼ਿਆਂ ਦੀ ਮਾਰ ਸੰਬੰਧੀ ਚਿੰਤਾਂ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬਰਨਾਲ਼ਾ ਤੋਂ ਵਿਧਾਇਕ ਅਤੇ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਆਪਣੇ ‘ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ’ ਦੇ ਕੀਤੇ ਵਾਅਦੇ ਪੂਰੇ ਕਰਨ ਵਿੱਚ ਪੂਰੀ ਤਰ੍ਹਾਂ ਫ਼ੇਲ ਹੋ ਚੁੱਕੇ ਹਨ। ਵਿਧਾਇਕ ਮੀਤ ਹੇਅਰ ਅੱਜ ਬਠਿੰਡਾ ਵਿਖੇ ਸੀਨੀਅਰ ਆਗੂ ਤੇ ਲੋਕ ਸਭਾ ਇੰਚਾਰਜ਼ ਰਕੇਸ਼ ਪੁਰੀ, ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਨੀਲ ਗਰਗ, ਲੀਗਲ ਸੈੱਲ ਦੇ ਸੂਬਾ ਮੀਤ ਪ੍ਰਧਾਨ ਨਵਦੀਪ ਸਿੰਘ ਜੀਦਾ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਮੀਤ ਹੇਅਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਤੇ ਪਿਛਲੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ, ‘ਜਿਸ ਤਰ੍ਹਾਂ ਪਿਛਲੀ ਬਾਦਲ ਸਰਕਾਰ ਦੇ ਸਮੇਂ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਨੇ ਤਬਾਹ ਕੀਤਾ ਸੀ, ਉਸੇ ਤਰ੍ਹਾਂ ਹੀ ਹੁਣ ਵੀ ਸਰਕਾਰ ਦੀ ਅਣਗਹਿਲੀ ਕਾਰਨ ਗੁਲਾਬੀ ਸੁੰਡੀ ਦੇ ਪ੍ਰਕੋਪ ਨਾਲ ਮਾਲਵਾ ਬੈਲਟ ਨਰਮਾ- ਕਪਾਹ ਦੀ ਸਾਰੀ ਫ਼ਸਲ ਤਬਾਹ ਹੋ ਗਈ ਹੈ।’ ਉਹਨਾਂ ਦੋਸ਼ ਲਾਇਆ ਕਿ ਜਿੱਥੇ ਮੋਦੀ ਸਰਕਾਰ ਕਾਲੇ ਕਾਨੂੰਨਾਂ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰਨਾ ਚਾਹੁੰਦੀ ਹੈ, ਉੱਥੇ ਹੀ ਪੰਜਾਬ ਸਰਕਾਰ ਦਾ ਖੇਤੀਬਾੜੀ ਵਿਭਾਗ ਜਿਸ ਦੇ ਮੰਤਰੀ ਖੁਦ ਕੈਪਟਨ ਅਮਰਿੰਦਰ ਸਿੰਘ ਹਨ ਫ਼ਸਲਾਂ ਤੇ ਕਿਸਾਨਾਂ ਦੀ ਸੁਰੱਖਿਆ ਕਰਨ ’ਚ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ । ਹੈਰਾਨੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਖੇਤੀ ਪ੍ਰਧਾਨ ਸੂਬੇ ਕੋਲ ਆਪਣਾ ਖੇਤੀਬਾੜੀ ਮੰਤਰੀ ਵੀ ਨਹੀਂ ਹੈ ਅਤੇ ਮੁੱਖ ਮੰਤਰੀ ਜੋ ਆਪਣੇ ਫਾਰਮ ਹਾਊਸ ਤੋਂ ਬਾਹਰ ਹੀ ਨਹੀਂ ਆਉਂਦੇ ਖੇਤੀਬਾੜੀ ਵਰਗੇ ਗੰਭੀਰ ਮਹਿਕਮੇ ਨੂੰ ਆਪਣੇ ਕੋਲ ਰੱਖ ਕੇ ਕੁਭਕਰਣੀ ਨੀਂਦ ਸੁੱਤੇ ਹੋਏ ਹਨ।
ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਪ੍ਰਕੋਪ ਤੋਂ ਬਾਅਦ ਬਾਰ- ਬਾਰ ਦਵਾਈਆਂ ਦੀ ਸਪਰੇਅ ਕਰਨ ਤੋਂ ਬਾਅਦ ਵੀ ਗੁਲਾਬੀ ਸੁੰਡੀ ਨਹੀਂ ਮਰ ਰਹੀ, ਜਿਸ ਕਰਕੇ ਕਿਸਾਨਾਂ ਦਾ ਆਰਥਿਕ ਅਤੇ ਮਾਨਸਿਕ ਤੌਰ ਤੇ ਨੁਕਸਾਨ ਹੋਇਆ ਹੈ। ਕੀਟਨਾਸ਼ਕ ਦੀਆਂ ਦੇ ਕਾਰਗਾਰ ਨਾ ਹੋਣ ’ਤੇ ਕਿਸੇ ਕੋਈ ਵੱਡੇ ਸਕੈਮ (ਘੁਟਾਲਾ) ਹੋਣ ਦਾ ਪ੍ਰਗਟਾਵਾ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਜਿਵੇਂ ਅਕਾਲੀ ਸਰਕਾਰ ਵੇਲ਼ੇ ਨਕਲੀ ਦਵਾਈਆਂ ਕਰਕੇ ਚਿੱਟੀ ਮੱਖੀ ਨੇ ਕਿਸਾਨੀ ਤਬਾਹ ਕੀਤੀ ਸੀ ਉਵੇਂ ਹੀ ਅੱਜ ਕੱਲ੍ਹ ਗੁਲਾਬੀ ਸੁੰਡੀ ਕਿਸਾਨੀ ਨੂੰ ਤਬਾਹ ਕਰ ਰਹੀ ਹੈ। ਓਹਨਾਂ ਨੇ ਕਿਹਾ ਕਿ ਇਸ ਦੀ ਵੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਨਰਮਾ ਬੀਜਣ ਵਾਲੇ ਕਿਸਾਨਾਂ ਨੂੰ 1000 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਦੇਣਾ ਚਾਹੀਦਾ ਹੈ।
ਪੰਜਾਬ ਵਿੱਚ ਵਾਪਰ ਰਹੇ ਨਸ਼ੇ ਦੇ ਕਹਿਰ ਬਾਰੇ ਮੀਤ ਹੇਅਰ ਨੇ ਹਰ ਰੋਜ਼ ਨਸ਼ੇ ਦੀ ਓਵਰਡੋਜ਼ ਕਾਰਨ ਲਗਾਤਾਰ ਮੌਤਾਂ ਹੋ ਰਹੀਆਂ ਹਨ। ਬਠਿੰਡਾ ਜ਼ਿਲ੍ਹੇ ਵਿੱਚ ਪਿਛਲੇ ਇਕ ਮਹੀਨੇ ਵਿੱਚ ਨੌ-ਦਸ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਹਨ, ਜਿਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ, ਜੋ ਗੁੱਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਨਸ਼ਿਆਂ ਨੂੰ ਕੰਟਰੋਲ ਕਰਨ ਦੇ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਫਰਵਰੀ 2018 ਤੋਂ ਹੁਣ ਤੱਕ ਐਸਟੀਐਫ ਦੀ ਰਿਪੋਰਟ ਬੰਦ ਲਿਫ਼ਾਫ਼ੇ ਵਿੱਚ ਬੰਦ ਪਈ ਹੈ । ਆਮ ਆਦਮੀ ਪਾਰਟੀ ਪੰਜਾਬ ਦਾ ਯੂਥ ਵਿੰਗ 20 ਸਤੰਬਰ ਤੋਂ ਉਸੇ ਥਾਂ ਬਠਿੰਡਾ ਤੋਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਸੀ ਪੰਜਾਬ ਦੇ ਲੋਕ ਜਾਗਰੂਕ ਕਰਨ ਲਈ ਪਟਿਆਲੇ ਤਕ ਮੋਟਰਸਾਈਕਲ ਰੈਲੀ ਕਰੇਗਾ ਅਤੇ ਪਟਿਆਲੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਜਾਵੇਗਾ।
ਮੀਤ ਹੇਅਰ ਨੇ ਕਿਹਾ, ‘‘ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ ਕਿਉਂਕਿ ਪੰਜਾਬ ਵਿੱਚ ਨਸ਼ੇ ਕਾਰਣ ਹੋ ਰਹੀਆਂ ਮੌਤਾਂ ਨੇ ਹਾਹਾਕਾਰ ਮਚਾਈ ਹੋਈ ਹੈ। ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਵਿੱਚ ਦੋ ਸਕੇ ਭਰਾਵਾਂ ਦੀ ਨਸ਼ਾ ਜਿਆਦਾ ਕਰਨ ਕਰਕੇ ਹੋਈ ਮੌਤ ਬਾਰੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਦੀ ਮਾਰ ਤੋਂ ਨਹੀਂ ਬਚਾ ਸਕੇ ਤਾਂ ਬਾਕੀ ਪੰਜਾਬ ਦੇ ਲੋਕਾਂ ਨੂੰ ਕੀ ਬਚਾਉਣਗੇ।’’
ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਕੈਸ਼ੀਅਰ ਐੱਮ ਐੱਲ ਜਿੰਦਲ, ਦਫ਼ਤਰ ਇੰਚਾਰਜ਼ ਬਲਜਿੰਦਰ ਸਿੰਘ ਬਰਾੜ, ਕਾਰਪੋਰੇਸ਼ਨ ਦੇ ਕੌਂਸਲਰ ਜਗਰੂਪ ਸਿੰਘ ਗਿੱਲ, ਮੀਡੀਆ ਇੰਚਾਰਜ ਬਲਕਾਰ ਸਿੰਘ ਭੋਖੜਾ, ਸੋਸ਼ਲ ਮੀਡੀਆ ਇੰਚਾਰਜ ਸੁਖਬੀਰ ਬਰਾੜ, ਜ਼ਿਲ੍ਹਾ ਪ੍ਰਧਾਨ ਬੁੱਧੀਜੀਵੀ ਵਿੰਗ ਮਹਿੰਦਰ ਸਿੰਘ ਫੁੱਲੋ ਮਿੱਠੀ ਅਤੇ ਸਾਬਕਾ ਸਰਪੰਚ ਮਹਿੰਦਰ ਸਿੰਘ ਵੀ ਹਾਜ਼ਿਰ ਸਨ।