ਰਾਜਾ ਅਮਰਿੰਦਰ ਸਿੰਘ ਸਰਕਾਰ ਨਾਜਾਇਜ਼ ਸ਼ਰਾਬ ਮਾਫ਼ੀਆ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਵਿਚ ਰਹੀ ਹੈ ਅਸਫਲ : ਕੁਲਤਾਰ ਸਿੰਘ
ਸੱਤਾਧਾਰੀ ਸਰਕਾਰ ਦੀ ਸਰਪ੍ਰਸਤੀ ਹੇਠ ਸ਼ਰਾਬ ਮਾਫ਼ੀਆ ਹੋ ਰਿਹਾ ਪ੍ਰਫੁੱਲਿਤ: ‘ਆਪ’
ਤਰਨਤਾਰਨ, 19 ਅਗਸਤ 2020
“ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ ਤਰਨਤਾਰਨ ਵਿੱਚ ਹਾਲ ਹੀ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 92 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਅਤੇ ਹੁਣ ਇਸੇ ਜ਼ਿਲ੍ਹੇ ਦੇ ਪਿੰਡ ਪੰਡੋਰੀ ਗੋਲਾ ਵਿੱਚ ਇੱਕ ਹੋਰ ਵਿਅਕਤੀ ਦੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ, ਇਸ ਦੇ ਬਾਵਜੂਦ ਤਰਨਤਾਰਨ ਵਿੱਚ ਨਾਜਾਇਜ਼ ਸ਼ਰਾਬ ਦਾ ਵਪਾਰ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ।”
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ, ਜੋ ਮ੍ਰਿਤਕ ਦਿਲਬਾਗ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਇੱਥੇ ਆਏ ਹੋਏ ਸਨ। ਕੁਲਤਾਰ ਸਿੰਘ ਨੇ ਕਿਹਾ ਕਿ ਇਸ ਤਾਜ਼ਾ ਘਟਨਾ ਨੇ ਖ਼ੁਲਾਸਾ ਕੀਤਾ ਹੈ ਕਿ ਸ਼ਰਾਬ ਮਾਫ਼ੀਆ ਦੀਆਂ ਜੜਾਂ ਬਹੁਤ ਡੂੰਘੀਆਂ ਹਨ ਅਤੇ ਉਹ ਰਾਜਨੀਤਿਕ-ਪੁਲਿਸ ਸਰਪ੍ਰਸਤੀ ਹੇਠ ਪ੍ਰਫੁੱਲਿਤ ਹੋ ਰਿਹਾ ਹੈ । ਰਾਜਾ ਅਮਰਿੰਦਰ ਸਿੰਘ ‘ਤੇ ਚੁਟਕੀ ਲੈਂਦਿਆਂ ‘ਆਪ’ ਵਿਧਾਇਕ ਨੇ ਕਿਹਾ ਕਿ ਪੁਲਿਸ ਜਾਣ ਬੁੱਝ ਕੇ ਇਨ੍ਹਾਂ ਕਤਲਾਂ ਦੇ ਦੋਸ਼ੀ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ ਹੈ ਅਤੇ ਮੁੱਖ ਮੰਤਰੀ ਦੋਸ਼ੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੇ ਆਪਣੇ ਬਿਆਨ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰਨ ਦੀ ਬਜਾਏ, ਨਸ਼ੀਲੀ ਸ਼ਰਾਬ ਤੋਂ ਹੋਈ ਮੌਤ ਨੂੰ ਖ਼ੁਦਕੁਸ਼ੀ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕੁਲਤਾਰ ਸਿੰਘ ਨੇ ਅਮਰਿੰਦਰ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਰਾਜਾ ਨੂੰ ਆਪਣੀ ਐਸ਼-ਪ੍ਰਸਤੀ ਵਾਲੀ ਜੀਵਨ ਸ਼ੈਲੀ ਨੂੰ ਤਿਆਗ ਕੇ ਲੋਕਾਂ ਪ੍ਰਤੀ ਆਪਣਾ ਫ਼ਰਜ਼ ਸਮਝਣਾ ਚਾਹੀਦਾ ਹੈ। ਜੋ ਕਿ ਕਾਂਗਰਸੀ ਆਗੂਆਂ ਦੇ ਅਧੀਨ ਚੱਲ ਰਹੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਕਾਰਨ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਇਸ ਅਪਵਿੱਤਰ ਗੱਠਜੋੜ ਵਿਰੁੱਧ ਆਪਣੀ ਲੜਾਈ ਜਾਰੀ ਰੱਖੇਗੀ ਅਤੇ ਇਸ ਨੂੰ ਫ਼ੈਸਲਾਕੁਨ ਸਿੱਟੇ ‘ਤੇ ਲੈ ਕੇ ਜਾਵੇਗੀ। ਉਨ੍ਹਾਂ ਨਾਲ ‘ਆਪ’ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਲਾਲਪੁਰਾ, ਜਸਬੀਰ ਸਿੰਘ ਸੁਰ ਸਿੰਘ, ਗੁਰਦੇਵ ਸਿੰਘ ਲਖਨਾ, ਡਾ. ਕਸ਼ਮੀਰ ਸਿੰਘ ਸੋਹਲ, ਲਾਲ ਜੀਤ ਸਿੰਘ ਭੁੱਲਰ, ਹਰਜੀਤ ਸਿੰਘ ਸੰਧੂ ਸਮੇਤ ਪਾਰਟੀ ਵਲੰਟੀਅਰ ਹਾਜ਼ਰ ਸਨ।

English






