ਕੰਪਿਊਟਰ ਟਰੇਨਿੰਗ ਦੌਰਾਨ 600 ਦੇ ਕਰੀਬ ਅਧਿਆਪਕਾਂ ਨੂੰ ਜੋੜਿਆ ਗਿਆ ਤਕਨੀਕ ਦੇ ਨਾਲ਼

ਹਰ ਕਲਸਟਰ ਵਿੱਚ ਅਧਿਆਪਕਾਂ ਨੇ ਦਿਖਾਇਆ ਪੂਰਾ ਉਤਸ਼ਾਹ 
ਰੂਪਨਗਰ, 29 ਮਈ: ਸਿੱਖਿਆ ਵਿਭਾਗ ਦੇ ਹੁਕਮਾਂ ਤਹਿਤ ਰੂਪਨਗਰ ਜ਼ਿਲ੍ਹੇ ਦੇ 60 ਕਲਸਟਰਾਂ ਵਿੱਚ ਅਧਿਆਪਕਾਂ ਨੂੰ ਕੰਪਿਊਟਰ ਦੀ ਸਿਖਲਾਈ ਦਿੱਤੀ ਗਈ। ਜ਼ਿਲ੍ਹਾ ਸਿੱਖਿਆ ਅਫਸਰ ਸ. ਜਰਨੈਲ ਸਿੰਘ ਦੀ ਅਗਵਾਈ ਵਿੱਚ ਕਰਵਾਈ ਗਈ ਇਸ ਸਿਖਲਾਈ ਵਿੱਚ 600 ਦੇ ਕਰੀਬ ਅਧਿਆਪਕਾਂ ਨੇ ਭਾਗ ਲਿਆ। ਅਧਿਆਪਕਾਂ ਨੇ ਕਿਹਾ ਕਿ ਇਹ ਸਾਡੇ ਲਈ ਤਕਨੀਕ ਨਾਲ਼ ਜੁੜਨ ਦਾ ਬਹੁਤ ਵਧੀਆ ਮੌਕਾ ਹੈ ਅਤੇ ਇਹ ਸਿਖਲਾਈ ਸਾਡੇ ਨਿੱਜੀ ਜੀਵਨ ਵਿੱਚ ਵੀ ਬਹੁਤ ਸਹਾਇਕ ਹੋਵੇਗੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਪਹਿਲਾਂ ਜ਼ਿਲ੍ਹੇ ਦੇ ਤਿੰਨ ਕੇਂਦਰਾਂ ਉੱਤੇ ਸਮੂਹ ਸੀ.ਐਚ.ਟੀ ਜਾਂ ਇੰਚਾਰਜ ਜਾਂ ਤਕਨੀਕ ਨਾਲ਼ ਜੁੜੇ ਅਧਿਆਪਕ ਨੂੰ ਸਿਖਲਾਈ ਦਿੱਤੀ ਗਈ, ਤਾਂ ਜੋ ਕਲਸਟਰ ਦਾ ਕੰਮ ਬਾਖ਼ੂਬੀ ਚੱਲ ਸਕੇ ਕਿਉਂਕਿ ਹੁਣ ਹਰ ਸਕੂਲ ਵਿੱਚ ਪ੍ਰੋਜੈਕਟਰ, ਐੱਲ.ਈ.ਡੀ ਅਤੇ ਕੰਪਿਊਟਰ ਮੌਜੂਦ ਹਨ। ਕਲਸਟਰ ਪੱਧਰ ਉੱਤੇ ਲੈਪਟਾਪ ਅਤੇ ਪ੍ਰਿੰਟਰ ਵੀ ਹਨ। ਇਸ ਲਈ ਵਿਭਾਗ ਦੀ ਇਹ ਇੱਛਾ ਹੈ ਕਿ ਇਨ੍ਹਾਂ ਤਕਨੀਕੀ ਸਾਧਨਾਂ ਨੂੰ ਵਰਤੋਂ ਵਿੱਚ ਲਿਆਂਦਾ ਜਾਵੇ । ਇਹ ਟਰੇਨਿੰਗ ਕਲਸਟਰ ਦੇ ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਅਤੇ ਹਾਈ ਸਕੂਲਾਂ ਵਿੱਚ ਕਰਵਾਈ ਗਈ । ਸਿਖਲਾਈ ਵਿੱਚ ਕੰਪਿਊਟਰ ਦੀ ਮੁੱਢਲੀ ਜਾਣਕਾਰੀ, ਮਾਈਕਰੋਸੌਫਟ ਆਫਿਸ, ਐਕਸਲ, ਆਈ ਸਕੂਲਾਂ, ਪੰਜਾਬੀ ਟਾਇਪ ਅਤੇ ਪੰਜਾਬੀ ਫੌਂਟ ਬਾਰੇ ਸਮਝਾਇਆ ਗਿਆ।
ਜ਼ਿਲ੍ਹੇ ਵਿੱਚ ਇਹ ਸਿਖਲਾਈ ਜਗਪਾਲ ਸਿੰਘ, ਜਗਮੋਹਨ ਸਿੰਘ, ਕੁਲਵੰਤ ਸਿੰਘ, ਸਤਨਾਮ ਸਿੰਘ, ਜਤਿੰਦਰ ਸਿੰਘ, ਪ੍ਰਦੀਪ ਸਿੰਘ ਨੇ ਦਿੱਤੀ। ਸਿਖਲਾਈ ਦੀ ਦੇਖ ਰੇਖ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ. ਚਰਨਜੀਤ ਸਿੰਘ ਸੋਢੀ ਅਤੇ ਮੈਡਮ ਰੰਜਨਾ ਕਟਿਆਲ ਨੇ ਕੀਤੀ। ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਟੀਮ ਨੇ ਵੀ ਇਸ ਮੌਕੇ ਸਹਿਯੋਗ ਦਿੱਤਾ।