ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮੁਫ਼ਤ ਸਕਿੱਲ ਕਲਾਸਾਂ ਲੈ ਰਹੇ 38 ਵਿਦਿਆਰਥੀਆਂ ਨੂੰ ਟ੍ਰੇਨਿੰਗ ਸਰਟੀਫਿਕੇਟਸ ਵੰਡੇ

ਰੂਪਨਗਰ, 27 ਮਾਰਚ : ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਹਰਜੋਤ ਕੌਰ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ 2 ਰੋਜ਼ਾ ਮੁਫ਼ਤ ਸਕਿੱਲ ਕਲਾਸਾਂ ਲੈ ਰਹੇ 38 ਵਿਦਿਆਰਥੀਆਂ ਨੂੰ ਟ੍ਰੇਨਿੰਗ ਸਰਟੀਫਿਕੇਟਸ ਵੰਡੇ ਗਏ।ਟ੍ਰੇਨਿੰਗ ਲੈ ਚੁੱਕੇ ਇਨ੍ਹਾਂ ਵਿਦਿਆਰਥੀਆਂ ਨਾਲ ਗੱਲ-ਬਾਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ ਅਤੇ ਭਵਿੱਖ ਵਿੱਚ ਰੋਜ਼ਗਾਰ ਹਾਸਿਲ ਕਰਨ ਲਈ ਕੜ੍ਹੀ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਅਰੁਣ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਜਿਹੜੇ ਵਿਦਿਆਰਥੀ ਮੁਫ਼ਤ ਕੋਚਿੰਗ ਲੈ ਰਹੇ ਹਨ ਉਨ੍ਹਾਂ ਲਈ 2 ਦਿਨ ਦੀ ਸੋਫ਼ਟ ਸਕਿੱਲ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਐਚ.ਡੀ.ਐਫ.ਸੀ ਪਰਿਵਰਤਨ ਅਤੇ ਗਰਾਂਟ ਥੋਰਨਟਨ ਦੇ ਸਾਂਝੇ ਸਹਿਯੋਗ ਨਾਲ ਮੁਫ਼ਤ ਵਿੱਚ ਕਰਵਾਈ ਗਈ।

ਸ਼੍ਰੀ ਅਰੁਣ ਕੁਮਾਰ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਵਿਦਿਆਰਥੀਆਂ ਨੂੰ ਰਿਜਿਉਮ ਤਿਆਰ ਕਰਨਾ, ਗਰੁੱਪ ਡਿਸਕਸ਼ਨ ਅਤੇ ਪਰਸਨੇਲਿਟੀ ਡਿਵੇਲਪਮੇਂਟ ਆਦਿ ਵਰਗੇ ਸਕਿੱਲਸ ਦੇ ਇੰਟਰੈਕਟਿਵ ਸੈਸ਼ਨਸ ਰਾਹੀਂ ਸਿੱਖਿਆ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਵਿੱਚ 38 ਵਿਦਿਆਰਥੀਆਂ ਨੂੰ ਮੁਫ਼ਤ ਟ੍ਰੇਨਿੰਗ ਦਿੱਤੀ ਗਈ, ਜਿਸ ਨਾਲ ਉਨ੍ਹਾਂ ਦੀ ਸ਼ਖਸੀਅਤ ਵਿੱਚ ਕਾਫੀ ਸੁਧਾਰ ਹੋਇਆ ਹੈ ਅਤੇ ਇਹ ਟ੍ਰੇਨਿੰਗ ਉਨ੍ਹਾਂ ਨੂੰ ਰੋਜ਼ਗਾਰ ਲੈਣ ਵਿੱਚ ਵੀ ਬਹੁਤ ਲਾਭਦਾਇਕ ਹੋਵੇਗੀ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ
ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਸੇ ਲੜ੍ਹੀ ਤਹਿਤ ਸਰਕਾਰੀ ਨੌਕਰੀਆਂ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਮੁਕਾਬਲੇ ਦੀ ਪ੍ਰੀਖਿਆਵਾਂ ਜਿਵੇ  ਕਿ ਕਾਂਸਟੇਬਲ, ਸਬ ਇਸਪੈਕਟਰ ਅਤੇ ਹੋਰ ਸਟੇਟ ਲੈਵਲ ਦੇ ਸਰਕਾਰੀ ਪੇਪਰਾਂ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਮੁਫ਼ਤ ਸਕੀਮਾਂ/ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਚਾਹਵਾਨ ਵਿਦਿਆਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗਰਾਉਂਡ ਫਲੋਰ ਮਿੰਨੀ ਸਕੱਤਰੇਤ, ਰੂਪਨਗਰ ਵਿਖੇ ਪਹੁੰਚ ਕੇ ਜਾਂ ਹੈਲਪਲਾਈਨ ਨੰ: 8557010066 ਤੇ ਸੰਪਰਕ ਕਰ ਸਕਦੇ ਹਨ।