ਵਕੀਲ ਚੱਢਾ ਨੇ ਵਿਧਾਨ ਸਭਾ ‘ਚ ਨਜਾਇਜ਼ ਮਾਈਨਿੰਗ ਕਰਨ ਵਾਲੇ ਠੇਕੇਦਾਰਾਂ ਕੋਲੋਂ 1000 ਕਰੋੜ ਰੁਪਏ ਦੀ ਵਸੂਲੀ ਦਾ ਮਾਮਲਾ ਚੁੱਕਿਆ

· ਮੰਤਰੀ ਬੈਂਸ ਨੇ ਦੋਸ਼ੀ ਅਫਸਰਾਂ ਵਿਰੁੱਧ ਕਾਰਵਾਈ ਕਰਦਿਆਂ 20 ਦਿਨ ‘ਚ ਅਗਲੀ ਕਾਰਵਾਈ ਦਾ ਭਰੋਸਾ ਦਿੱਤਾ
ਰੂਪਨਗਰ,30 ਜੂਨ: ਰੂਪਨਗਰ ਤੋਂ ਵਿਧਾਇਕ ਵਕੀਲ ਦਿਨੇਸ਼ ਚੱਢਾ ਨੇ ਅੱਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਨਜਾਇਜ਼ ਮਾਈਨਿੰਗ ਕਰਨ ਵਾਲੇ ਹਰਸਾ ਬੇਲਾ, ਸਵਾੜਾ ਤੇ ਬੇਇਹਰਾ ਤਿੰਨ ਖੱਡਾਂ ਦੇ ਠੇਕੇਦਾਰਾਂ ਕੋਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮਾਂ ਅਨੁਸਾਰ ਕਰੀਬ 1000 ਕਰੋੜ ਰੁਪਏ ਦੀ ਵਸੂਲੀ ਕਰਨ ਦਾ ਮਾਮਲਾ ਚੁੱਕਿਆ।
ਜਿਸ ਤੇ ਜਵਾਬ ਦਿੰਦਿਆਂ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਠੀਕ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਮਾਮਲੇ ਚ ਕਾਰਵਾਈ ਨਹੀਂ ਹੋਈ ਸੀ। ਹੁਣ ਕਾਰਵਾਈ ਨਾਂ ਕਰਨ ਵਾਲੇ ਜ਼ਿਲ੍ਹਾ ਮਾਇਨਿੰਗ ਅਫਸਰ, ਅਤੇ ਦੋ ਜਨਰਲ ਮੈਨੇਜਰਾਂ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ 20 ਦਿਨ ਚ ਅਗਲੇਰੀ ਕਾਰਵਾਈ ਕਰਨ ਦਾ ਵੀ ਭਰੋਸਾ ਦਿੱਤਾ।
ਸਦਨ ‘ਚ ਵਕੀਲ ਚੱਢਾ ਨੇ ਕਿਹਾ ਕਿ ਉਹ ਖੁਦ ਇਸ ਮਾਮਲੇ ਦੇ ਸ਼ਿਕਾਇਤਕਰਤਾ ਹਨ ਅਤੇ ਐਨ ਜੀ ਟੀ ਨੇ ਉਨ੍ਹਾਂ ਦੇ ਕੇਸ ‘ਚ ਹੀ 632 ਕਰੋੜ ਦੀ ਪੈਨਲਟੀ ਇਨ੍ਹਾਂ ਦੋਸ਼ੀਆਂ ਨੂੰ ਲਗਾਈ ਸੀ। ਜੋ ਕਿ ਹੁਣ ਵਿਆਜ ਸਮੇਤ ਕਰੀਬ 1000 ਕਰੋੜ ਬਣ ਜਾਂਦੀ ਹੈ। ਪਰ ਇਸ ਮਾਮਲੇ ਚ ਹੁਣ ਤੱਕ ਕਨੂੰਨ ਦਾ ਖੇਡ ਖੇਡਿਆ ਜਾ ਰਿਹਾ। ਉਨ੍ਹਾਂ ਸਵਾਲ ਖੜੇ ਕੀਤੇ ਕਿ 1000 ਕਰੋੜ ਦੀ ਲੁੱਟ ਦੇ ਦੋਸ਼ੀ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਹੋਏ। ਜਿਸ ਤੇ ਮੰਤਰੀ ਬੈਂਸ ਨੇ ਜਲਦੀ ਕਾਰਵਾਈ ਦਾ ਭਰੋਸਾ ਦਿੱਤਾ। ਚੱਢਾ ਨੇ ਕਿਹਾ ਕਿ ਐਨ ਜੀ ਟੀ ਨੇ ਮਾਈਨਿੰਗ ਨਾਲ਼ ਹੋਏ ਨੁਕਸਾਨ ਦੀ ਰਿਵਾਈਵਲ ਲਈ ਵੀ ਕਿਹਾ ਸੀ। ਜਿਸ ਤੇ ਮੰਤਰੀ ਨੇ ਸਹਿਮਤੀ ਜਤਾਉਂਦਿਆਂ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ