ਲੁਧਿਆਣਾ, 22 ਅਕਤੂਬਰ:
ਇੱਥੇ ਸਥਿਤ ਇੱਕ ਐਨ.ਜੀ.ਓ. ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਕੇਅਰ ਟਰੱਸਟ ਨੇ ਮੌਜੂਦਾ ਮਹੀਨੇ ਦੌਰਾਨ ਛਾਤੀ ਦੇ ਕੈਂਸਰ ਵਿਰੁੱਧ ਵਿਆਪਕ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਐਤਵਾਰ ਨੂੰ ਆਪਣੇ ਯੂਟਿਊਬ ਚੈਨਲ ‘ਤੇ ਇੱਕ ਲਘੂ ਫਿਲਮ ‘ਮੇਰੀ ਦਾਸਤਾਨ’ ਲਾਂਚ ਕੀਤੀ ਹੈ। ਇਹ ਫਿਲਮ ਸਮੇਂ ਸਿਰ ਕੈਂਸਰ ਦਾ ਪਤਾ ਲਗਾਉਣ ਲਈ ਹਰ ਯੁਵਾ ਇਸਤਰੀ ਲਈ ਬੀਐਸਈ (ਬ੍ਰੈਸਟ ਸੈਲਫ ਐਗਜ਼ਾਮੀਨੇਸ਼ਨ) ਵਿਧੀ ‘ਤੇ ਕੇਂਦਰਿਤ ਹੈ।
ਲਘੂ ਫਿਲਮ (https://www.youtube.com/watch?v=t3XMF8hbUMo) ਟਰੱਸਟ ਦੇ ਯੂਟਿਊਬ ਚੈਨਲ
(https://www.youtube.com/@KPBCCTrust) ‘ਤੇ ਉਪਲਬਧ ਹੈ।
ਅੱਜ ਇੱਥੇ ਵਧੇਰੇ ਜਾਣਕਾਰੀ ਦਿੰਦੇ ਹੋਏ, ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ, ਜੋ ਕਿ ਆਪਣੇ ਮਾਤਾ-ਪਿਤਾ – ਕ੍ਰਿਸ਼ਨਾ ਅਤੇ ਪ੍ਰਾਣ ਅਰੋੜਾ ਦੀ ਯਾਦ ਵਿੱਚ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਕੇਅਰ ਟਰੱਸਟ ਚਲਾਉਂਦੇ ਹਨ, ਨੇ ਕਿਹਾ ਕਿ ਕਈ ਵਾਰ, ਸਵੈ-ਸੰਭਾਲ ਅਤੇ ਸਵੈ-ਸਮਝਣ ਨਾਲ ਛੋਟੀਆਂ ਕਾਰਵਾਈਆਂ ਬਹੁਤ ਵੱਡੇ ਬਦਲਾਅ ਲਿਆਉਂਦੀਆਂ ਹਨ। ਉਨ੍ਹਾਂ ਨੇ ਸਾਰਿਆਂ ਨੂੰ, ਖਾਸ ਕਰਕੇ ਔਰਤਾਂ ਨੂੰ ਇਸ ਲਘੂ ਫਿਲਮ ਨੂੰ ਦੇਖਣ ਦੀ ਅਪੀਲ ਕੀਤੀ, ਜੋ ਕਿ ਲਚਕੀਲੇਪਣ ਅਤੇ ਉਮੀਦ ਦੀ ਇੱਕ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਹੈ। ਉਨ੍ਹਾਂ ਲੋਕਾਂ ਨੂੰ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਸ ਉਪਰਾਲੇ ਦਾ ਹਿੱਸਾ ਬਣਨ ਲਈ ਵੀ ਕਿਹਾ।
ਲਘੂ ਫਿਲਮ ‘ਮੇਰੀ ਦਾਸਤਾਨ’ ਲੋਕਾਂ ਨੂੰ ਇੱਕ ਅਸਾਧਾਰਨ ਵਿਅਕਤੀ ਨਾਲ ਜਾਣੂ ਕਰਵਾਉਂਦੀ ਹੈ ਜਿਸ ਨੇ ਛਾਤੀ ਦੇ ਕੈਂਸਰ ਨਾਲ ਲੜਨ ਵਿੱਚ ਅਟੁੱਟ ਦਲੇਰੀ ਦਾ ਪ੍ਰਦਰਸ਼ਨ ਕੀਤਾ ਹੈ। ਉਸਦੀ ਯਾਤਰਾ ਇਸ ਗੱਲ ਦਾ ਅਟੱਲ ਸਬੂਤ ਹੈ ਕਿ ਇਹ ਅਜਿੱਤ ਨਹੀਂ ਹੈ; ਇਹ ਇਲਾਜਯੋਗ ਹੈ। ਇਹ ਲਘੂ ਫਿਲਮ ਉਮੀਦ ਅਤੇ ਜਾਗਰੂਕਤਾ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ।
ਅਰੋੜਾ ਨੇ ਕਿਹਾ, “ਮੇਰੇ ਮਾਤਾ-ਪਿਤਾ ਦੀ ਯਾਦ ਵਿੱਚ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੁਆਰਾ ਸ਼ੁਰੂ ਕੀਤਾ ਗਿਆ ਮਿਸ਼ਨ ਗਿਆਨ ਅਤੇ ਸਹਾਇਤਾ ਨਾਲ ਵੱਧ ਤੋਂ ਵੱਧ ਲੋਕਾਂ ਦੇ ਜੀਵਨ ਨੂੰ ਸਮਰੱਥ ਬਣਾਉਣਾ ਹੈ।” ਉਨ੍ਹਾਂ ਨੇ ਕਿਹਾ ਕਿ ਉਹ ਇਸ ਲਘੂ ਫਿਲਮ ਨੂੰ ਅਕਤੂਬਰ ਵਿੱਚ ਲਾਂਚ ਕਰ ਰਹੇ ਹਨ, ਜਿਸਨੂੰ “ਪਿੰਕ ਅਕਤੂਬਰ” ਵੀ ਕਿਹਾ ਜਾਂਦਾ ਹੈ। ਇੱਥੇ ਵਰਣਨਯੋਗ ਹੈ ਕਿ ਅਰੋੜਾ ਦੇ ਮਾਤਾ-ਪਿਤਾ ਦੀ ਕੈਂਸਰ ਨਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੈਂਸਰ ਦੇ ਮਰੀਜ਼ਾਂ ਨੂੰ ਨਿਰਸਵਾਰਥ ਸੇਵਾਵਾਂ ਪ੍ਰਦਾਨ ਕਰਨ ਲਈ ਟਰੱਸਟ ਬਣਾਇਆ ਸੀ।
ਹਰ ਸਾਲ ਅਕਤੂਬਰ ਮਹੀਨੇ ਵਿੱਚ ਟਰੱਸਟ ਕੈਂਸਰ ਖਾਸ ਕਰਕੇ ਛਾਤੀ ਦੇ ਕੈਂਸਰ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਦਾ ਹੈ। ਟਰੱਸਟ ਨੇ ਹੁਣ ਤੱਕ 250 ਤੋਂ ਵੱਧ ਕੈਂਸਰ ਪੀੜਤਾਂ ਦੇ ਇਲਾਜ ਲਈ ਹਰ ਤਰ੍ਹਾਂ ਦੀ ਮਦਦ ਕੀਤੀ ਹੈ। ਪਿਛਲੇ ਸਾਲ ਅਕਤੂਬਰ ਵਿੱਚ ਵੀ, ਟਰੱਸਟ ਨੇ ਫੈਸ਼ਨ ਬ੍ਰਾਂਡ ਫੇਮੇਲਾ ਦੇ ਸਹਿਯੋਗ ਨਾਲ ਛਾਤੀ ਦੇ ਕੈਂਸਰ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਯੂਟਿਊਬ ‘ਤੇ “ਰਿਵਾਈਂਡ” ਨਾਮ ਦੀ ਇੱਕ ਲਘੂ ਫਿਲਮ ਲਾਂਚ ਕੀਤੀ ਸੀ।
ਅਰੋੜਾ ਨੇ ਕਿਹਾ ਕਿ ਕੈਂਸਰ ਵਿਰੁੱਧ ਜਾਗਰੂਕਤਾ ਜ਼ਰੂਰੀ ਹੈ ਕਿਉਂਕਿ ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਕਈ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕੈਂਸਰ ਦਾ ਇਲਾਜ ਕਿਸੇ ਵੀ ਹੋਰ ਬਿਮਾਰੀ ਵਾਂਗ ਹੀ ਕੀਤਾ ਜਾ ਸਕਦਾ ਹੈ, ਜੇਕਰ ਇਸ ਦਾ ਪਹਿਲੀ ਸਟੇਜ ‘ਤੇ ਪਤਾ ਲੱਗ ਜਾਵੇ। ਉਨ੍ਹਾਂ ਨੇ ਕਿਹਾ ਕਿ ਛਾਤੀ ਦੀ ਸਵੈ-ਜਾਂਚ ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।
ਇੱਥੇ ਤੁਹਾਨੂੰ ਦੱਸ ਦੇਈਏ ਕਿ ਅਰੋੜਾ ਸਿਹਤ ਸੰਭਾਲ ਦੇ ਖੇਤਰ ਵਿੱਚ ਕਾਫੀ ਕੰਮ ਕਰ ਰਹੇ ਹਨ। ਉਹ ਸਿਹਤ ਅਤੇ ਪਰਿਵਾਰ ਭਲਾਈ ਬਾਰੇ ਸੰਸਦੀ ਸਥਾਈ ਕਮੇਟੀ ਦੇ ਮੈਂਬਰ ਹਨ। ਉਹ ਡੀਐਮਸੀਐਚ ਮੈਨੇਜਿੰਗ ਸੁਸਾਇਟੀ, ਲੁਧਿਆਣਾ ਦੇ ਉਪ ਪ੍ਰਧਾਨ ਵੀ ਹਨ। ਉਨ੍ਹਾਂ ਦੇ ਉਪਰਾਲੇ ਸਦਕਾ ਨਵੀਂ ਦਿੱਲੀ ਦੇ ਰਹਿਣ ਵਾਲੇ ਕਰੀਬ ਡੇਢ ਸਾਲ ਦੇ ਕਨਵ ਜਾਂਗੜਾ ਦਾ 17.50 ਕਰੋੜ ਰੁਪਏ (21 ਲੱਖ ਅਮਰੀਕੀ ਡਾਲਰ) ਦਾ ਇਲਾਜ ਹੋ ਸਕਿਆ ਹੈ।

English






