ਪੰਜਾਬ ਸਰਕਾਰ ਐਸੋਚੈਮ ਦੇ ਵਿਜ਼ਨ ਪੰਜਾਬ 2022 ਨਾਲ ਸਾਂਝੇਦਾਰੀ ਅਤੇ ਨਿਵੇਸ਼ਾਂ ਰਾਹੀਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ  : ਅਨਮੋਲ ਗਗਨ ਮਾਨ

ਚੰਡੀਗੜ੍ਹ, 25 ਅਗਸਤ:

ਪੰਜਾਬ ਸਰਕਾਰ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਦੀ ਦਿਸ਼ਾ ਵਿੱਚ ਵੱਖ ਵੱਖ ਉਪਰਾਲੇ ਕਰਦਿਆਂ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਇਨਵੈਸਟ ਪੰਜਾਬ, ਜੋ ਕਿ ਇੱਕ ਇਨਵੈਸਟਮੈਂਟ ਪ੍ਰਮੋਸ਼ਨ ਏਜੰਸੀ ਹੈ, ਦੇ ਸਹਿਯੋਗ ਨਾਲ 26 ਅਗਸਤ, 2022 ਨੂੰ ਆਯੋਜਿਤ ਕੀਤੇ ਜਾ ਰਹੇ ਐਸੋਚੈਮ ਦੇ ‘ਵਿਜ਼ਨ ਪੰਜਾਬ 2022’ ਦੌਰਾਨ ਉਦਯੋਗ ਜਗਤ ਦੇ ਦਿੱਗਜਾਂ ਨਾਲ ਗੱਲਬਾਤ ਕਰਦਿਆਂ ਆਪਣਾ ਪ੍ਰਗਤੀਸ਼ੀਲ ਦ੍ਰਿਸ਼ਟੀਕੋਣ ਸਾਂਝਾ ਕਰਨਗੇ। ਇਹ ਆਪਣੀ ਕਿਸਮ ਦਾ ਪਹਿਲਾ ਸਮਾਗਮ ਹੈ ਜੋ ਪੂਰੀ ਤਰ੍ਹਾਂ ਉਦਯੋਗ ਅਧਾਰਿਤ ਹੈ। ਇਹ ਨਵੇਂ ਪੰਜਾਬ ਲਈ ਨਿਵੇਸ਼ਾਂ ਅਤੇ ਭਾਈਵਾਲੀ ਦੇ ਮੌਕਿਆਂ ‘ਤੇ ਕੇਂਦਰਿਤ ਹੈ।

ਸੂਬੇ ਦੇ ਵਿਜ਼ਨ ਅਤੇ ਨਿਵੇਸ਼ ਸਬੰਧੀ ਰਣਨੀਤੀ ਸਾਂਝੀ ਕਰਦਿਆਂ ਨਿਵੇਸ਼ ਪ੍ਰੋਸਤਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਇਸ ਸਮਾਗਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਹਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਇਨਵੈਸਟ ਪੰਜਾਬ ਰਾਹੀਂ ਸੁਵਿਧਾਜਨਕ ਪਹੁੰਚ ਅਤੇ ਸਿੰਗਲ-ਵਿੰਡੋ ਸੁਪੋਰਟ ਸਿਸਟਮ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ਵ ਭਰ ਦੇ ਨਿਵੇਸ਼ਕਾਂ ਨੂੰ ਸੂਬੇ ਦੇ ਨਿਵੇਸ਼ ਪੱਖੀ ਮਾਹੌਲ ਬਾਰੇ ਜਾਣੂ ਕਰਵਾਉਣਾ ਚਾਹੁੰਦੇ ਹਾਂ। ਇਸ ਦੇ ਨਾਲ ਹੀ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਕਿਵੇਂ ਵਿਸ਼ਵ ਵਿਵਸਥਾ ਨੂੰ ਬਦਲਣ ਦਾ ਇਰਾਦਾ ਰੱਖਦਾ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਪੰਜਾਬ ਵਿੱਚਲੇ ਉਦਯੋਗ ਗਲੋਬਲ ਵੈਲਯੂ ਚੇਨ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਜਾਣ।

ਇਵੈਂਟ ਵਿੱਚ ਸਰਕਾਰ ਅਤੇ ਉਦਯੋਗ ਦੇ ਬੁਲਾਰਿਆਂ ਦਰਮਿਆਨ ਉਸਾਰੂ ਵਿਚਾਰਾਂ ਤੇ ਅਧਾਰਤ ਪੈਨਲ ਡਿਸ਼ਕਸ਼ਨਜ ਹੋਣਗੀਆਂ ਜਿਸ ਤੋਂ ਬਾਅਦ ਨੂਰਾਂ ਸਿਸਟਰਜ਼ ਵੱਲੋਂ ਇੱਕ ਸੱਭਿਆਚਾਰਕ ਪੇਸ਼ਕਾਰੀ ਦਿੱਤੀ ਜਾਵੇਗੀ ਅਤੇ ਫਿਰ ਰਾਤ ਦਾ ਖਾਣਾ ਹੋਵੇਗਾ। ਐਸੋਚੈਮ, ਭਾਰਤ ਦੇ ਸਭ ਤੋਂ ਪੁਰਾਣੇ ਸਿਖਰਲੇ ਉਦਯੋਗ ਚੈਂਬਰ ਵਿੱਚੋਂ ਇੱਕ ਹੈ, ਜਿਸਦੇ ਭੂਗੋਲਿਕ ਖੇਤਰ ਵਿੱਚ ਫੈਲੇ 4.5 ਲੱਖ ਤੋਂ ਵੱਧ ਮੈਂਬਰ ਹਨ, ਵਲੋਂ ਇੱਕ ਵਿਜ਼ਨ ਦਸਤਾਵੇਜ਼ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਸੌਂਪਿਆ ਗਿਆ, ਜਿਸ ਵਿੱਚ ਸਰਕਾਰ ਨੂੰ ਕਾਰੋਬਾਰ ਅਤੇ ਨੌਕਰੀਆਂ ਦੇ ਨਵੇਂ ਮੌਕਿਆਂ ਦੇ ਵਿਕਾਸ `ਤੇ ਧਿਆਨ ਦੇਣ ਦੀ ਅਪੀਲ ਕੀਤੀ ਗਈ ਸੀ। ਵਿਜ਼ਨ ਦਸਤਾਵੇਜ਼ ਨੂੰ ਉਦਯੋਗ ਦੇ ਭਾਈਵਾਲਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਇਸ ਦੇ ਅਧਾਰ `ਤੇ, ਐਸੋਚੈਮ ਉੱਤਰੀ ਖੇਤਰ ਵਿਕਾਸ ਕੌਂਸਲ ਦੇ ਚੇਅਰ ਅਤੇ ਵਾਈਸ ਚੇਅਰਮੈਨ, ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ (ਸੋਨਾਲੀਕਾ) ਅਤੇ ਵਾਧੂ ਚਾਰਜ ਪੰਜਾਬ ਰਾਜ ਆਰਥਿਕਤਾ ਅਤੇ ਲੋਕ ਨੀਤੀ ਕਮਿਸ਼ਨ, ਪੰਜਾਬ ਸਰਕਾਰ ਦੇ ਉਪ ਚੇਅਰਮੈਨ ਸ੍ਰੀ ਏ.ਐਸ. ਮਿੱਤਲ ਦੀ ਯੋਗ ਅਗਵਾਈ ਵਿੱਚ, ਵਿਜ਼ਨ ਪੰਜਾਬ ਦੇ ਵਿਲੱਖਣ ਪਲੇਟਫਾਰਮ ਨੂੰ ਤਿਆਰ ਕੀਤਾ ਗਿਆ ਹੈ।

 

ਹੋਰ ਪੜ੍ਹੋ :-  ਬ੍ਰਮ ਸ਼ੰਕਰ ਜਿੰਪਾ ਵੱਲੋਂ ਹੁਸ਼ਿਆਰਪੁਰ ਨੂੰ ਪੀਣਯੋਗ ਨਹਿਰੀ ਪਾਣੀ ਦੀ ਸਪਲਾਈ ਲਈ ਮਹੀਨੇ ਦੇ ਅੰਦਰ-ਅੰਦਰ ਯੋਜਨਾ ਬਣਾਉਣ ਦੇ ਨਿਰਦੇਸ਼