ਨਵਾਂਸ਼ਹਿਰ, 11 ਅਕਤੂਬਰ 2021
ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਕਮਿਊਨਿਟੀ ਸਿਹਤ ਕੇਂਦਰ ਰਾਹੋਂ ਵਿਖੇ ਅੱਜ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ, ਜਿਸ ਦਾ ਮੁੱਖ ਮਕਸਦ ਮਾਨਸਿਕ ਤੌਰ ‘ਤੇ ਸਿਹਤਮੰਦ ਰਹਿਣ ਲਈ ਲੋਕਾਂ ਨੂੰ ਪ੍ਰੇਰਨਾ ਦੇਣਾ ਹੈ। ਇਸ ਸਾਲ ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਥੀਮ “ਇਕ ਅਸਮਾਨ ਦੁਨੀਆਂ ਵਿੱਚ ਮਾਨਸਿਕ ਸਿਹਤ” ਹੈ।
ਡਾ ਗੀਤਾਂਜਲੀ ਸਿੰਘ ਨੇ ਕਿਹਾ ਕਿ ਅਸੀਂ ਅੱਜ ‘ਵਿਸ਼ਵ ਮਾਨਸਿਕ ਸਿਹਤ ਦਿਵਸ’ ਉਸ ਸਮੇਂ ਮਨਾ ਰਹੇ ਹਾਂ ਜਦੋਂ ਕੋਵਿਡ-19 ਮਹਾਂਮਾਰੀ ਕਰਕੇ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਕਾਫ਼ੀ ਬਦਲ ਚੁੱਕੀ ਹੈ। ਕੋਰੋਨਾ ਕਾਲ ਵਿੱਚ ਅੱਜ ਹਰ ਵਿਅਕਤੀ ਮਾਨਸਿਕ ਤੌਰ ਉੱਤੇ ਤਣਾਅ ਮਹਿਸੂਸ ਕਰ ਰਿਹਾ ਹੈ।
ਡਾ ਸਿੰਘ ਨੇ ਕੋਰੋਨਾ ਮਹਾਂਮਾਰੀ ਦੌਰਾਨ ਮਾਨਸਿਕ ਤਣਾਅ ਤੋਂ ਬਚਣ ਲਈ ਕੁਝ ਸੁਝਾਅ ਵੀ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮਾਂ ਤਣਾਅ ਨਾਲ ਭਰਪੂਰ ਹੈ, ਜਿਸ ਨੂੰ ਦੂਰ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਕੋਰੋਨਾ ਦੇ ਨਾਲ-ਨਾਲ ਮਾਨਸਿਕ ਸਿਹਤ ‘ਤੇ ਧਿਆਨ ਦੇਣਾ ਵੀ ਜ਼ਰੂਰੀ ਹੈ। ਮਾਨਸਿਕ ਤਣਾਅ ਦੂਰ ਕਰਨ ਲਈ ਸਾਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਲਾਹਾਂ ਉੱਤੇ ਗੌਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਵਿਚਾਲੇ ਸਾਨੂੰ ਸਿਹਤਮੰਦ ਰਹਿਣ ਸਹਿਣ ਅਪਣਾਉਣਾ ਚਾਹੀਦਾ ਹੈ ਅਤੇ ਆਪਣੇ ਘਰਾਂ ਵਿਚ ਰਹਿ ਕੇ ਹੀ ਹਲਕੀ-ਫੁੱਲਕੀ ਕਸਰਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਿਆਰੀ ਸਮਾਂ ਬਤੀਤ ਕਰਨ ਲਈ ਹਰੇਕ ਵਿਅਕਤੀ ਨੂੰ ਸੰਗੀਤ ਅਤੇ ਚਿੱਤਰਕਾਰੀ, ਪੜ੍ਹਨ-ਲਿਖਣ ਵਰਗੇ ਸ਼ੌਕਾਂ ਨੂੰ ਅਪਣਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਆਪਣੇ-ਪਿਆਰਿਆਂ, ਸਕੇ-ਸਬੰਧੀਆਂ ਅਤੇ ਆਪਣੇ ਦੋਸਤਾਂ ਨਾਲ ਗੱਲਬਾਤ ਕਰਕੇ ਮਿਆਰੀ ਸਮਾਂ ਬਿਤਾਉਣਾ ਚਾਹੀਦਾ ਹੈ।

English






