ਬਲਬੀਰ ਸਿੰਘ ਸਿੱਧੂ ਨੇ ਪਟਿਆਲਾ ਸਬਜੀ ਮੰਡੀ ਵਿਖੇ ਪੁਲਿਸ ਮੁਲਾਜ਼ਮਾਂ ‘ਤੇ ਹੋਏ ਘਾਤਕ ਹਮਲੇ ਦੀ ਨਿੰਦਾ ਕੀਤੀ

ਚੰਡੀਗੜ੍ਹ, 12 ਅਪ੍ਰੈਲ:

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ:ਬਲਬੀਰ ਸਿੰਘ ਸਿੱਧੂ ਨੇ ਐਤਵਾਰ ਨੂੰ ਪਟਿਆਲਾ ਦੀ ਸਬਜੀ ਮੰਡੀ ਵਿਖੇ ਕਰਫਿਊ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਚੌਕੀ ‘ਤੇ ਤਾਇਨਾਤ ਪੁਲਿਸ ਅਧਿਕਾਰੀਆਂ ‘ਤੇ ਹੋਏ “ਵਹਿਸ਼ੀ ਹਮਲੇ” ਦੀ ਨਿਖੇਧੀ ਕੀਤੀ ਹੈ।

ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਪੁਲਿਸ ਅਧਿਕਾਰੀਆਂ ਦੇ ਨਾਲ ਪੂਰੀ ਇੱਕਜੁਟਤਾ ਨਾਲ ਖੜ੍ਹੀ ਹੈ, ਜੋ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਾਡੀ ਸੁਰੱਖਿਆ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਹਮਲੇ ਕੁਝ ਗੈਰ ਸਮਾਜਿਕ ਅਨਸਰਾਂ ਵਲੋਂ ਸਾਡੇ ਪੁਲਿਸ ਅਧਿਕਾਰੀਆਂ ‘ਤੇ ਅਣਮਨੁੱਖੀ ਹਿੰਸਾ ਨੂੰ ਦਰਸਾਉਂਦਾ ਹੈ ਜਦੋਂ ਕਿ ਪੁਲਿਸ ਅਧਿਕਾਰੀ ਸਮਾਜਿਕ ਦੂਰੀ ਅਤੇ ਕਰਫਿਊ  ਨੂੰ ਯਕੀਨੀ ਬਣਾਉਣ ਲਈ ਆਪਣਾ ਫਰਜ਼ ਨਿਭਾ ਰਹੇ ਸਨ। ਪੁਲਿਸ ਅਧਿਕਾਰੀਆਂ ਨੂੰ ਗੰਭੀਰ ਰੂਪ ਵਿਚ ਜ਼ਖਮੀ ਹੋਣ ਕਾਰਨ ਤੁਰੰਤ ਐਮਰਜੈਂਸੀ ਸਰਜਰੀ ਲਈ ਹਸਪਤਾਲ ਲਿਜਾਇਆ ਗਿਆ।

ਸਿਹਤ ਮੰਤਰੀ ਨੇ ਕਿਹਾ ਕਿ ਹਿੰਸਾ ਦੀ ਇਹ ਘਿਨਾਉਣੀ ਕਾਰਵਾਈ, ਜੋ ਕਿ ਵਿਸ਼ੇਸ਼ ਤੌਰ ‘ਤੇ ਪੁਲਿਸ ਅਧਿਕਾਰੀਆਂ ਵਿਰੁੱਧ ਕੀਤੀ ਗਈ, ਜਿਸ ਵਿਚ ਕਈ ਪੁਲਿਸ ਅਧਿਕਾਰੀ ਬਹੁਤ ਗੰਭੀਰ ਜ਼ਖਮੀ ਹੋਏ, ਪੂਰੀ ਤਰ੍ਹਾਂ ਗ਼ੈਰ ਮਨੁੱਖੀ ਅਸਹਿਣਯੋਗ ਹੈ ਅਤੇ ਅਜਿਹੀ ਕੋਈ ਵੀ ਕਾਰਵਾਈ  ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਜਦੋਂ ਲਗਭਗ ਸਾਰਾ ਸੰਸਾਰ ਮਨੁੱਖਾਂ ਨੂੰ ਬਚਾਉਣ ਲਈ ਵਾਇਰਸ ਦੀ ਲੜੀ ਨੂੰ ਤੋੜਨ ਦੀ ਲੜ ਰਿਹਾ ਹੈ, ਤਾਂ ਪੁਲਿਸ ਅਤੇ ਸਿਹਤ ਵਿਭਾਗ ਆਪਣੀ ਡਿਊਟੀ ਦੌਰਾਨ ਇਨਫੈਕਸ਼ਨ ਹੋਣ ਦੀ ਵੱਡੀ ਸੰਭਾਵਨਾ ਦੇ ਬਾਵਜੂਦ ਜੋਖਮ ਉਠਾਉਂਦੇ ਹੋਏ ਹਰ ਕਿਸਮ ਦੇ ਮਸਲਿਆਂ ਨਾਲ ਨਜਿੱਠਣ ਲਈ ਮੋਹਰਲੀ ਕਤਾਰ ਵਿਚ ਡੱਟੇ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪ੍ਰਮੁੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਟਾਫ ਜ਼ੋਰਦਾਰ ਢੰਗ ਨਾਲ ਆਪਣੇ ਫਰਜ਼ ਨਿਭਾ ਰਹੇ ਹਨ ਤੇ ਪੂਰੇ ਦੇਸ਼ ਲਈ ਮਿਸਾਲ ਬਣ ਕੇ ਉਭਰੇ ਹਨ। ਇਹ ਸਾਰੇ ਵਧਾਈ ਦੇ ਪਾਤਰ ਹਨ  ਤੇ ਇਨ੍ਹਾਂ ਦੇ ਕਾਰਜ ਸ਼ਲਾਘਾਯੋਗ ਹਨ ।

ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ, ਪੰਜਾਬ ਨੂੰ ਤਾਲਾਬੰਦੀ ਨੂੰ ਸਖਤੀ ਨਾਲ ਲਾਗੂ ਕਰਵਾਉਣ ਸਬੰਧੀ  ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ ਅਤੇ ਤਾਲਾਬੰਦੀ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।