ਕਾਸਾਬਾਦ ਤੋਂ ਘੁਮਾਣਾ ਤੱਕ ਬੰਨ੍ਹ ਦੀ ਖਾਸ ਨਿਗਰਾਣੀ ਕਰੇ ਪ੍ਰਸਾਸ਼ਨ- ਬੱਲੀਏਵਾਲ

ਜੇ ਬੰਨ੍ਹ ਟੁੱਟਿਆ ਤਾਂ ਡੁੱਬ ਜਾਵੇਗਾ ਲੁਧਿਆਣਾ ਸ਼ਹਿਰ
ਲੁਧਿਆਣਾ, 29 ਅਗਸਤ 2025
ਪੰਜਾਬ ਦੇ 7 ਜ਼ਿਲ੍ਹੇ ਇਸ ਸਮੇਂ ਪੂਰੀ ਤਰ੍ਹਾਂ ਹੜ੍ਹਾਂ ਦੀ ਲਪੇਟ ਵਿੱਚ ਆ  ਚੁੱਕੇ ਹਨ, ਹਜ਼ਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ, ਘਰਾਂ ਦੇ ਘਰ ਬਰਬਾਦ ਹੋ ਚੁੱਕੇ ਹਨ। ਹਲਕਾ ਸਾਹਨੇਵਾਲ ਨਾਲ ਲੱਗਦੇ ਸਸਰਾਲੀ ਕਲੋਨੀ ਵਿੱਚ ਬੰਨ੍ਹ ਟੁੱਟਣ ਦਾ ਖ਼ਤਰਾ ਵੱਧ ਰਿਹਾ ਹੈ । ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਪਿੰਡ ਸਸਰਾਲੀ ਕਲੋਨੀ ਦਾ ਦੌਰਾ ਕਰਕੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਕਿਹਾ ਕਿ ਸਸਰਾਲੀ ਕਲੋਨੀ ਦੇ ਵਿੱਚ ਸਤਲੁਜ ਦਰਿਆ ਨੇ ਬੰਨ੍ਹ ਤੇ ਜ਼ਮੀਨਾਂ ਦਾ ਬਹੁਤ ਨੁਕਸਾਨ ਕਰ ਰਿਹਾ ਹੈ। ਕਾਸਾਬਾਦ ਤੋਂ ਘੁਮਾਣਾ ਤੱਕ ਕਈ ਜਗ੍ਹਾ ਵਿੱਚ ਦਰਿਆ ਨੇ ਜ਼ਮੀਨ ਨੂੰ ਆਪਣੀ ਲਪੇਟੇ ਵਿੱਚ ਲੈ ਲਿਆ ਹੈ। ਧੁਸੀ ਬੰਨ੍ਹ ਤੋਂ ਪਾਣੀ ਬਾਹਰ ਨਾ ਆਵੇ ਇਸ ਲਈ ਪ੍ਰਸਾਸ਼ਨ ਨੂੰ ਜਲਦੀ ਤੋਂ ਜਲਦੀ ਇਸ ਦੀ ਰਿਪੇਅਰ ਤੇ ਹੋਰ ਮਜ਼ਬੂਤੀ ਕਰਵਾਉਣੀ ਚਾਹੀਦੀ ਹੈ।
ਬੱਲੀਏਵਾਲ ਨੇ ਕਿਹਾ ਉਨ੍ਹਾਂ ਨੇ 7 ਅਗਸਤ ਨੂੰ ਹੀ ਪ੍ਰਸਾਸ਼ਨ ਤੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਨ੍ਹਾਂ ਬੰਨ੍ਹਾਂ ਦੀ ਰਿਪੇਅਰ ਚੰਗੀ ਤਰ੍ਹਾਂ ਕੀਤੀ ਜਾਵੇ, ਪਰ ਪ੍ਰਸਾਸ਼ਨ ਦੇ ਕੰਨ ਤੇ ਜੂੰ ਵੀ ਨਹੀਂ ਸਰਕੀ ਅਤੇ ਅੱਜ ਉਸ ਅਣਗਹਿਲੀ ਦਾ ਹਾਲ ਇਹ ਹੈ ਕਿ ਸਤਲੁਜ ਦਰਿਆ ਵਿੱਚ ਜ਼ਮੀਨਾਂ ਰੁੜਦੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਕੋਲ ਅਜੇ ਵੀ ਮੌਕਾ ਹੈ ਕਿ ਜਿੱਥੇ ਵੀ ਇਹ ਬੰਨ੍ਹ ਕਮਜ਼ੋਰ ਲੱਗਦਾ ਹੈ ਜਲਦੀ ਤੋਂ ਜਲਦੀ ਉਥੇ ਪ੍ਰਬੰਦ ਕੀਤਾ ਜਾਵੇ, ਕਿਉਂਕਿ ਜੇਕਰ ਇਸ ਵਾਰ ਇਹ ਬੰਨ੍ਹ ਟੁੱਟਿਆ ਤਾਂ ਪੂਰੇ ਦਾ ਪੂਰਾ ਲੁਧਿਆਣਾ ਸ਼ਹਿਰ ਡੁੱਬਣ ਦਾ ਖ਼ਤਰਾ ਹੈ, ਜਿਸ ਦੀ ਜਿੰਮੇਵਾਰੀ ਪ੍ਰਸਾਸ਼ਨ  ਤੇ ਸਰਕਾਰ ਦੀ ਹੋਵੇਗੀ ।
ਬੱਲੀਏਵਾਲ ਨੇ ਕਿਹਾ ਕਿ ਸਰਕਾਰ ਦੇ ਮੰਤਰੀ ਵਿਧਾਇਕ ਤੇ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਉਹ ਸਿਰਫ਼ ਫ਼ੋਟੋਆਂ ਕਰਵਾਉਣ ਲਈ ਬੰਨ੍ਹ ਤੇ ਨਾ ਆਉਣ ਬਲਕਿ ਕਾਸਾਬਾਦ ਤੋਂ ਘੁਮਾਣਾ ਤੱਕ ਜਿੰਨ੍ਹੇ ਪਿੰਡ ਸਤਲੁਜ ਦਰਿਆ ਨਾਲ ਲੱਗਦੇ ਹਨ ਉੱਥੇ ਬੰਨ੍ਹ ਦੀ ਮਰੁੰਮਤ ਤੇ ਮਜ਼ਬੂਤੀ ਕੀਤੀ ਜਾਵੇ ਅਤੇ ਰਾਹਤ ਕਾਰਜਾਂ ਦੇ ਪ੍ਰਬੰਧ ਕਰਕੇ ਲੋਕਾਂ ਦੀ ਰਾਖੀ ਕੀਤੀ ਜਾਵੇ ਤਾਂ ਜੋ ਹਲਕਾ ਸਾਹਨੇਵਾਲ ਦੇ ਪਿੰਡ ਤੇ ਲੁਧਿਆਣਾ ਸ਼ਹਿਰ ਨੂੰ ਹੜ੍ਹਾਂ ਦੀ ਮਾਰ ਹੇਠ ਆਉਣ ਤੋਂ ਬਚਾਇਆ ਜਾ ਸਕੇ।
ਬੱਲੀਏਵਾਲ ਨੇ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਜਿੰਨ੍ਹਾਂ ਕਿਸਾਨਾਂ ਦੀ ਜ਼ਮੀਨਾਂ ਬੰਨ੍ਹ ਦੇ ਅੰਦਰ ਹਨ, ਉਨ੍ਹਾਂ ਨੂੰ ਤਰੁੰਤ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ ਅਤੇ ਜਿੰਨ੍ਹਾਂ ਕਿਸਾਨਾਂ ਦੀ ਜ਼ਮੀਨ ਹੜ੍ਹ ਦੀ ਲਪੇਟ ਵਿੱਚ ਆਈ ਹੈ, ਉਨ੍ਹਾਂ ਨੂੰ ਵਿਸ਼ੇਸ਼ ਗਿਰਦਾਵਰੀ ਕਰਕੇ ਮੁਆਵਜ਼ਾ ਜਾਰੀ ਕੀਤਾ ਜਾਵੇ।