ਆਮ ਆਦਮੀ ਪਾਰਟੀ ਦੇ ਸਾਰੇ ਚੁਣੇ ਵਿਧਾਇਕਾਂ ਦੇ ਸਮਰਥਨ ਵਾਲਾ ਪੱਤਰ ਰਾਜਪਾਲ ਨੂੰ ਸੌਂਪਿਆ
16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ‘ਚ ਹੋਵੇਗਾ ਸਹੁੰ ਚੁੱਕ ਸਮਾਗਮ
ਕੇਵਲ ਅਸੀਂ ਹੀ ਨਹੀਂ, ਸਾਰੇ ਲੋਕ ਫਿਰ ਤੋਂ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਸਹੁੰ ਚੁਕਣਗੇ: ਭਗਵੰਤ ਮਾਨ
ਚੰਡੀਗੜ, 12 ਮਾਰਚ 2022
ਪੰਜਾਬ ਦੇ 17ਵੇਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨਾਲ ਰਾਜ ਭਵਨ ਵਿੱਚ ਮੁਲਾਕਾਤ ਕੀਤੀ ਅਤੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਚੁਣੇ ਗਏ ਸਾਰੇ 92 ਵਿਧਾਇਕਾਂ ਨੇ ਮੋਹਾਲੀ ਵਿਖੇ ਬੈਠਕ ਕਰਕੇ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਸਹਿਮਤੀ ਨਾਲ ‘ਆਪ’ ਵਿਧਾਇਕ ਦਲ ਦਾ ਆਗੂ ਚੁਣਿਆ ਸੀ।
ਹੋਰ ਪੜ੍ਹੋ :-ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ
‘ਆਪ’ ਆਗੂ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਸਮਰਥਨ ਵਿੱਚ ਨਵੇਂ ਚੁਣੇ ਗਏ 91 ਵਿਧਾਇਕਾਂ ਦੇ ਦਸਤਖ਼ਤ ਵਾਲਾ ਪੱਤਰ ਰਾਜਪਾਲ ਨੂੰ ਸੌਂਪ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਤੋਂ ਬਾਅਦ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ, ” ਮਾਣਯੋਗ ਰਾਜਪਾਲ ਨੂੰ ਅਸੀਂ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਵਿਧਾਇਕਾਂ ਦੇ ਸਮਰਥਨ ਵਾਲਾ ਪੱਤਰ ਸੌਂਪ ਦਿੱਤਾ ਹੈ ਅਤੇ ਪੰਜਾਬ ਦੀ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਜਿਸ ਨੂੰ ਰਾਜਪਾਲ ਨੇ ਮਨਜ਼ੂਰ ਕਰ ਲਿਆ ਹੈ। ਅਸੀਂ ਰਾਜਪਾਲ ਨੂੰ ਸਹੁੰ ਚੁੱਕ ਸਮਾਗਮ ਦੀ ਥਾਂ ਅਤੇ ਸਮੇਂ ਦੀ ਵੀ ਜਾਣਕਾਰੀ ਦਿੱਤੀ ਹੈ। 16 ਮਾਰਚ ਨੂੰ ਦੁਪਹਿਰ ਸਾਢੇ 12 ਵਜੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਸਹੁੰ ਚੁੱਕ ਸਮਾਗਮ ਹੋਵੇਗਾ।”
ਮਾਨ ਨੇ ਕਿਹਾ ਕਿ ਇਸ ਇਤਿਹਾਸਕ ਮੌਕੇ ਲਈ ਉਹ (ਮਾਨ) ਪੰਜਾਬ ਦੇ ਲੋਕਾਂ ਨੂੰ ਖਟਕੜ ਕਲਾਂ ਆਉਣ ਲਈ ਸੱਦਾ ਦਿੰਦੇ ਹਨ, ਕਿਉਂਕਿ 16 ਮਾਰਚ ਨੂੰ ਕੇਵਲ ‘ਆਪ’ ਦੇ ਮੁੱਖ ਮੰਤਰੀ ਅਤੇ ਮੰਤਰੀ ਹੀ ਸਹੁੰ ਨਹੀਂ ਚੁਕਣਗੇ, ਸਗੋਂ ਸਾਰੇ ਲੋਕ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਬਣਾਉਣ ਦੀ ਸਹੁੰ ਚੁਕਣਗੇ। ਉਨਾਂ ਕਿਹਾ ਕਿ ਮੁੱਖ ਮੰਤਰੀ, ਮੰਤਰੀ ਅਤੇ ਸਭ ਲੋਕ ਮਿਲ ਕੇ ਪੰਜਾਬ ਨੂੰ ਪਹਿਲਾਂ ਦੀ ਤਰਾਂ ਖੁਸ਼ਹਾਲ ਅਤੇ ਤਾਕਤਵਾਰ ਬਣਾਵਾਂਗੇ।

English






