ਵਿਦਿਆਰਥੀਆਂ ਨੇ ਲਿਆ ਪੂਰੇ ਉਤਸ਼ਾਹ ਨਾਲ ਹਿੱਸਾ
ਸਾਈਕਲ ਰੈਲੀ ਰਾਹੀਂ ਰਾਹੀਗਰਾਂ ਅਤੇ ਲੋਕਾਂ ਨੂੰ ਇੱਕ ਤੰਦਰੁਸਤ, ਨਸ਼ਾ ਮੁਕਤ ਰਹਿਤ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਸਿਰਜਣ ਲਈ ਕੀਤਾ ਗਿਆ ਜਾਗਰੂਕ
ਫਾਜ਼ਿਲਕਾ 3 ਜੂਨ 2022 :- ਆਜ਼ਾਦੀ ਦੇ 75 ਸਾਲਾਂ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਐਮ.ਆਰ. ਸਰਕਾਰੀ ਕਾਲਜ ਫਾਜ਼ਿਲਕਾ ਤੋਂ ਸਾਈਕਲ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਪੂਰੀ ਉਤਸ਼ਾਹ ਨਾਲ ਹਿੱਸਾ ਲਿਆ ਗਿਆ।ਸਾਈਕਲ ਰੈਲੀ ਨੂੰ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਸਾਈਕਲ ਰੈਲੀ ਕਾਲਜ ਤੋਂ ਆਸਫ ਆਲੇ ਤੱਕ ਕੱਢੀ ਗਈ ਅਤੇ ਆਸਫ ਆਲੇ ਤੋਂ ਹੁੰਦੀ ਹੋਈ ਵਾਪਸ ਕਾਲਜ ਪਹੁੰਚੀ। ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਸਾਈਕਲ ਰੈਲੀ ਪ੍ਰਤੀ ਜਾਗਰੂਕਤਾ ਦਾ ਬੈਨਰ ਹੱਥ ਵਿੱਚ ਫੜਿਆ ਹੋਇਆ ਸੀ, ਜੋ ਰਾਹੀਗਰਾਂ ਤੇ ਹਲਕੇ ਦੇ ਲੋਕਾਂ ਨੂੰ ਸਾਈਕਲ ਰੈਲੀ ਪ੍ਰਤੀ ਜਾਗਰੂਕ ਕਰ ਰਿਹਾ ਸੀ।
ਉਨ੍ਹਾਂ ਕਿਹਾ ਕਿ ਇਸ ਸਾਈਕਲ ਰੈਲੀ ਦਾ ਮਕਸਦ ਲੋਕਾਂ ਨੂੰ ਇਹ ਜਾਗਰੂਕ ਕਰਨਾ ਸੀ ਕਿ ਸਾਨੂੰ ਆਪਣੀ ਸਰੀਰਕ ਫਿਟਨੈੱਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਵੇਰੇ ਉੱਠ ਕੇ ਵੱਧ ਤੋਂ ਵੱਧ ਦੌੜਨਾ, ਸਾਈਕਲ ਚਲਾਉਣਾ ਤੇ ਸਰੀਰਕ ਕਸਰਤਾਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਅਸੀਂ ਆਪਣੇ ਸਰੀਰ ਦੀ ਸਹੀ ਸੰਭਾਲ ਦੇ ਨਾਲ—ਨਾਲ ਨਸਿ਼ਆਂ ਵਰਗੀ ਭੈੜੀ ਲਾਹਨਤ ਤੋਂ ਵੀ ਦੂਰ ਰਹਿ ਸਕੀਏ।
ਰੈਲੀ ਦੇ ਕਾਲਜ ਪਰਤਣ ਤੋਂ ਬਾਅਦ ਉਨ੍ਹਾਂ ਨੌਜਵਾਨ ਵਿਦਿਆਰਥੀਆਂ ਨੂੰ ਕਿਹਾ ਕਿ ਨੌਜਵਾਨ ਕੋਲ ਜਦੋਂ ਵੀ ਵਿਹਲਾ ਟਾਈਮ ਹੁੰਦਾ ਹੈ ਉਹ ਜਿੰਮ ਜਾਣ, ਸਾਈਕਲਿੰਗ ਕਰਨ, ਦੌੜਨ ਤੇ ਖੇਡਾਂ ਵੱਲ ਭਾਗ ਲੈਣ ਤਾਂ ਜੋ ਉਨ੍ਹਾਂ ਦਾ ਸਰੀਰ ਤੰਦਰੁਸਤ ਰਹਿ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਮੋਟਰ ਵਹੀਕਲਾਂ ਦੀ ਵਰਤੋਂ ਘਟਾ ਕੇ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਯੋਗਦਾਨ ਪਾ ਸਕੀਏ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਰਿਆਂ ਨੂੰ ਇੱਕ ਤੰਦਰੁਸਤ, ਨਸ਼ਾ ਮੁਕਤ ਰਹਿਤ ਪ੍ਰਦੂਸ਼ਣ ਰਹਿਤ ਵਾਤਾਵਰਨ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਪ੍ਰੋਫੈਸਰ ਓਨੀਕਾ, ਪ੍ਰੋਫੈਸਰ ਡਾ. ਪ੍ਰਦੀਪ ਕੁਮਾਰ, ਪ੍ਰੋਫੈਸਰ ਸ਼ਮਸੇਰ ਸਿੰਘ, ਪ੍ਰੋਫੈਸਰ ਰਿੰਕਲ ਗੁਪਤਾ, ਵੈਦਿਕ ਗਾਬਾ, ਪੰਕਜਵੀਰ, ਗੁਰਪ੍ਰੀਤ ਸਿੰਘ ਸਮੇਤ ਕਾਲਜ ਦੇ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।

English





