
ਵਿਧਾਇਕ ਖੰਨਾ ਗੁਰਕੀਰਤ ਸਿੰਘ ਦੇ ਯਤਨਾਂ ਦੀ ਕੀਤੀ ਸ਼ਲਾਘਾ
ਖੰਨਾ (ਲੁਧਿਆਣਾ), 11 ਦਸੰਬਰ 2021
ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਗੁਰਕੀਰਤ ਸਿੰਘ ਵੱਲੋਂ ਖੰਨਾ ਵਿੱਚ ਐਸਟੀਪੀ (ਸੀਵਰੇਜ ਟ੍ਰੀਟਮੈਂਟ ਪਲਾਂਟ) ਦੀ ਉਸਾਰੀ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਸ ਨਾਲ ਹਲਕੇ ਦੇ ਲੋਕਾਂ ਦੀਆਂ ਪਾਣੀ/ਸੀਵਰੇਜ ਸਬੰਧੀ ਸਮੱਸਿਆਵਾਂ ਦਾ ਹੱਲ ਹੋਵੇਗਾ।
ਹੋਰ ਪੜ੍ਹੋ :-ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਪਿੰਡ ਮੌਜਪੁਰ ਵਿਖੇ ਕੀਤੀ ਵੱਡੀ ਛਾਪੇਮਾਰੀ-05 ਚਾਲੂ ਭੱਠੀਆਂ ਅਤੇ ਨਾਜ਼ਾਇਜ਼ ਸ਼ਰਾਬ ਸਮੇਤ 2 ਲੱਖ ਕਿਲੋ ਲਾਹਨ ਬਰਾਮਦ
ਸੀਵਰੇਜ ਟ੍ਰੀਟਮੈਂਟ ਪਲਾਂਟ ਮਾਜਰੀ ਰਸੂਲੜਾ ਦੇ ਨੇੜੇ ਸਥਿਤ ਹੈ ਜਿਸ ਨੂੰ 124.03 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਾਇਆ ਗਿਆ ਹੈ। ਖੰਨਾ ਦੀ ਅੰਦਾਜ਼ਨ ਆਬਾਦੀ 1,37, 107 ਹੈ ਅਤੇ ਇਸ ਕਸਬੇ ਲਈ ਇਸ ਪ੍ਰੋਜੈਕਟ ਦੀ ਸਖ਼ਤ ਲੋੜ ਨੂੰ ਦੇਖਦੇ ਹੋਏ ਇਹ ਪ੍ਰੋਜੈਕਟ 2017 ਵਿੱਚ ਸ਼ੁਰੂ ਕੀਤਾ ਗਿਆ ਸੀ। ਸੀਵਰੇਜ ਟ੍ਰੀਟਮੈਂਟ ਪਲਾਂਟ ਹਰ ਰੋਜ਼ 29 ਮਿਲੀਅਨ ਲੀਟਰ ਟਰੀਟ ਕਰੇਗਾ ਅਤੇ ਸੀਵਰੇਜ ਲਾਈਨਾਂ ਦੀ ਲੰਬਾਈ 98 ਕਿਲੋਮੀਟਰ ਹੈ। ਇਸੇ ਤਰ੍ਹਾਂ ਨੌਂ ਟਿਊਬਵੈੱਲ, ਪੰਜ ਪਾਣੀ ਦੀਆਂ ਟੈਂਕੀਆਂ ਅਤੇ 104 ਕਿਲੋਮੀਟਰ ਵਾਟਰ ਸਪਲਾਈ ਲਾਈਨਾਂ ਹਨ। ਜੋ ਜਲ ਸਪਲਾਈ ਨਾਲ ਸਬੰਧਤ ਸਾਰੇ ਵੱਡੇ ਮਸਲੇ ਹੱਲ ਕਰ ਦੇਣਗੀਆਂ।
ਗੁਰਕੀਰਤ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਲੰਬੇ ਸਮੇਂ ਤੋਂ ਲਟਕ ਰਿਹਾ ਸੀ ਅਤੇ ਉਹ ਇਸ ਨੂੰ ਲੋਕਾਂ ਅਤੇ ਸਬੰਧਤ ਵਿਭਾਗਾਂ ਦੇ ਵੱਖ-ਵੱਖ ਅਧਿਕਾਰੀਆਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹ ਸਕਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੀਵਰੇਜ ਅਤੇ ਪਾਣੀ ਦੀਆਂ ਪਾਈਪ ਲਾਈਨਾਂ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ ਜੋ ਕਿ 10 ਕਿਲੋਮੀਟਰ ਤੱਕ ਹੋਵੇਗਾ ਜੋ ਖੰਨਾ ਹਲਕੇ ਦਾ ਵੱਡਾ ਹਿੱਸਾ ਕਵਰ ਕਰੇਗਾ।
ਮੰਤਰੀ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਖੰਨਾ ਦੇ ਬਾਕੀ ਬਚੇ ਹਿੱਸੇ ਨੂੰ ਜਲਦੀ ਤੋਂ ਜਲਦੀ ਜਲ ਜੀਵਨ ਮਿਸ਼ਨ ਤਹਿਤ ਕਵਰ ਕੀਤਾ ਜਾਵੇਗਾ। ਦੂਜੇ ਪਾਸੇ ਬ੍ਰਹਮ ਮਹਿੰਦਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ ਅਤੇ ਅਸੀਂ ਪੂਰੀ ਇਮਾਨਦਾਰੀ ਨਾਲ ਅੱਗੇ ਵੀ ਲੋਕਾਂ ਦੀ ਸੇਵਾ ਕਰਦੇ ਰਹਾਂਗੇ।
ਇਸ ਮੌਕੇ ਤੇ ਰੁਪਿੰਦਰ ਸਿੰਘ ਰਾਜਾ ਗਿੱਲ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ, ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਪ੍ਰਧਾਨ ਐਮਸੀ ਕਮਲਜੀਤ ਸਿੰਘ ਲੱਧੜ, ਮੀਤ ਪ੍ਰਧਾਨ ਜਤਿੰਦਰ ਪਾਠਕ, ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਜ਼ਿਲ੍ਹਾ ਯੂਥ ਪ੍ਰਧਾਨ ਅਮਿਤ ਤਿਵਾੜੀ, ਚੇਅਰਮੈਨ ਗੁਰਦੀਪ ਸਿੰਘ, ਚੇਅਰਮੈਨ ਸਤਨਾਮ ਸਿੰਘ ਸੋਨੀ, ਐਮਸੀ ਅਮਰੀਸ਼ ਕਾਲੀਆ, ਐਮਸੀ ਗੁਰਮੀਤ ਨਾਗਪਾਲ, ਐਮਸੀ ਸੰਦੀਪ ਘਈ, ਐਮਸੀ ਸੁਰਿੰਦਰ ਬਾਵਾ, ਐਮਸੀ ਹਰਦੀਪ ਨੀਨੁ, ਐਮਸੀ ਗਿੰਨੀ ਵੀਜਨ, ਐਮਸੀ ਸ਼ਮਿੰਦਰ ਸਿੰਘ ਅਤੇ ਪਾਰਸ਼ਦ ਪਤੀ ਮੱਖਣ ਸਿੰਘ, ਬੌਬੀ ਵਰਮਾ ਅਤੇ ਧਰਮਜੀਤ ਸਿੰਘ ਹਾਜਰ ਸਨ।

English





