ਕੈਪਟਨ ਅਮਰਿੰਦਰ ਸਿੰਘ ਵੱਲੋਂ ਈਸਾਈ ਭਾਈਚਾਰੇ ਨੂੰ ਕਬਰਸਤਾਨ ਵਾਸਤੇ ਥਾਂ ਮੁਹੱਈਆ ਕਰਵਾਉਣ ਲਈ ਪੇਂਡੂ ਵਿਕਾਸ ਵਿਭਾਗ ਨੂੰ ਸ਼ਾਮਲਾਤ ਜ਼ਮੀਨ ਦੀ ਸ਼ਨਾਖ਼ਤ ਕਰਨ ਦੇ ਹੁਕਮ

ਚੰਡੀਗੜ੍ਹ, 10 ਫਰਵਰੀ
ਕਬਰਸਤਾਨ ਲਈ ਜ਼ਮੀਨ ਦੇਣ ਵਾਸਤੇ ਈਸਾਈ ਭਾਈਚਾਰੇ ਦੀ ਮੰਗ ‘ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਸੂਬਾ ਭਰ ਵਿੱਚ ਭਾਈਚਾਰੇ ਨੂੰ ਕਬਰਸਤਾਨ ਲਈ ਲੋੜੀਂਦੀ ਥਾਂ ਮੁਹੱਈਆ ਕਰਵਾਉਣ ਲਈ ਤੁਰੰਤ ਸ਼ਾਮਲਾਤ ਵਾਲੀ ਜ਼ਮੀਨ ਦੀ ਸ਼ਨਾਖ਼ਤ ਕਰਨ ਦੇ ਹੁਕਮ ਦਿੱਤੇ ਹਨ।
ਈਸਾਈ ਭਲਾਈ ਬੋਰਡ, ਪੰਜਾਬ ਦੇ ਚੇਅਰਮੈਨ ਸਲਾਮਤ ਮਸੀਹ ਦੀ ਅਗਵਾਈ ਵਿੱਚ ਉਚ ਪੱਧਰੀ ਵਫ਼ਦ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਈਸਾਈ ਭਾਈਚਾਰੇ ਨੂੰ ਕਬਰਸਤਾਨ ਲਈ ਢੁਕਵੀਂ ਜ਼ਮੀਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਨੂੰ ਛੇਤੀ ਤੋਂ ਛੇਤੀ ਅਮਲੀ ਰੂਪ ਦਿੱਤਾ ਜਾਵੇਗਾ।


ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਦੇ ਸਤਿਕਾਰ ਵਜੋਂ ਇਤਿਹਾਸਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ, ਬਟਾਲਾ ਤੋਂ ਨਿਕਲਣ ਵਾਲੀ ਪ੍ਰਸਤਾਵਿਤ ਨਵੀਂ ਸੜਕ ਇਸ ਦੇ ਵਿਰਾਸਤੀ ਢਾਂਚੇ ਨਾਲ ਛੇੜਛਾੜ ਕੀਤੇ ਬਿਨਾਂ ਬਣਾਉਣ ਲਈ ਮੁੱਖ ਮੰਤਰੀ ਵੱਲੋਂ ਦਿੱਤੇ ਨਿੱਜੀ ਦਖ਼ਲ ਲਈ ਵਫ਼ਦ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਮੁੱਖ ਮੰਤਰੀ ਨੇ ਈਸਾਈ ਭਾਈਚਾਰੇ ਦੀ ਸਰਬਪੱਖੀ ਭਲਾਈ ਲਈ ਫੰਡਾਂ ਦੀ ਵੰਡ ਤੋਂ ਇਲਾਵਾ ਹੋਰ ਜਾਇਜ਼ ਮੰਗਾਂ ‘ਤੇ ਗੌਰ ਕਰਨ ਅਤੇ ਬੋਰਡ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਤਾਂ ਕਿ ਭਾਈਚਾਰੇ ਦੀ ਇਛਾਵਾਂ ਮੁਤਾਬਕ ਕੰਮਕਾਜ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਉਦਯੋਗ ਤੇ ਵਪਾਰ ਮੰਤਰੀ ਸੁੰਦਰ ਸ਼ਾਮ ਅਰੋੜਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਹਾਜ਼ਰ ਸਨ।
ਈਸਾਈ ਭਲਾਈ ਬੋਰਡ ਦੇ ਵਫ਼ਦ ਵਿੱਚ ਇਸ ਦੇ ਸੀਨੀਅਰ ਉਪ ਚੇਅਰਮੈਨ ਬਿਸ਼ਪ ਇਮੈਨੂਅਲ, ਉਪ ਚੇਅਰਮੈਨ ਤਰਸੇਮ ਸਹੋਤਾ, ਰਮਨ ਰਮੇਸ਼ ਮਸੀਹ ਤੋਂ ਇਲਾਵਾ ਮੈਂਬਰ ਸੰਨੀ ਬਾਜਵਾ, ਹੈਪੀ ਮਸੀਹ, ਜੇਸੋਂ ਮੈਥਿਊ, ਵੀ.ਵੀ. ਐਂਥੋਨੀ, ਕਮਲ ਖੋਖਰ, ਪ੍ਰੇਮ ਕੁਮਾਰ ਅਤੇ ਦੀਪਕ ਨਾਇਰ ਸ਼ਾਮਲ ਸਨ।