ਨਵਾਂਸ਼ਹਿਰ, 10 ਅਕਤੂਬਰ 2021
ਪਾਣੀ ਦੀ ਸਾਂਭ-ਸੰਭਾਲ ਅਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਕੀਤੇ ਗਏ ਉਪਰਾਲਿਆਂ ਸਬੰਧੀ ਭਾਰਤ ਸਰਕਾਰ ਵੱਲੋਂ ਤੀਜੇ ਜਲ ਪੁਰਸਕਾਰ-2020 ਲਈ ਉੱਤਰੀ ਜ਼ੋਨ ਲਈ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਸਰਬੋਤਮ ਜ਼ਿਲਾ ਸ਼੍ਰੇਣੀ ਅਧੀਨ ਚੁਣਨ ਲਈ ਸ਼ਾਰਟ ਲਿਸਟ ਕੀਤਾ ਗਿਆ ਹੈ। ਇਸ ਸਬੰਧੀ ਭਾਰਤ ਸਰਕਾਰ ਦੇ ‘ਸੈਂਟਰ ਵਾਟਰ ਕਮਿਸ਼ਨ ਐਂਡ ਸੈਂਟਰ ਗਰਾਊਂਡ ਵਾਟਰ ਬੋਰਡ’ ਦੀ ਟੀਮ ਵੱਲੋਂ ਜ਼ਿਲੇ ਦਾ ਦੌਰਾ ਕੀਤਾ ਗਿਆ, ਜਿਸ ਵਿਚ ਵਧੀਆ ਕਰਵਾਏ ਗਏ ਕੰਮਾਂ ਦਾ ਨਿਰੀਖਣ ਕੀਤਾ ਗਿਆ।
ਸੈਂਟਰ ਵਾਟਰ ਕਮਿਸ਼ਨ ਦੇ ਨਿਗਰਾਨ ਇੰਜੀਨੀਅਰ ਭੁਪੇਸ਼ ਕੁਮਾਰ ਦੀ ਅਗਵਾਈ ਵਾਲੀ ਇਸ ਟੀਮ ਵਿਚ ਸੈਂਟਰ ਵਾਟਰ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਸਮਰੱਥ ਅਗਰਵਾਲ ਅਤੇ ਸੈਂਟਰ ਗਰਾਊਂਡ ਵਾਟਰ ਬੋਰਡ ਦੀ ਵਿਗਿਆਨੀ ਅਮਨਦੀਪ ਕੌਰ ਸ਼ਾਮਲ ਸਨ।
ਇਸ ਟੀਮ ਵੱਲੋਂ ਬਲਾਕ ਬਲਾਚੌਰ ਦੇ ਪਿੰਡ ਫ਼ਤਿਹਪੁਰ, ਗੋਲੂਮਾਜਰਾ, ਕੁਲਾਰ ਅਤੇ ਬੱਲੋਵਾਲ ਸੌਂਖੜੀ, ਬਲਾਕ ਨਵਾਂਸ਼ਹਿਰ ਦੇ ਪਿੰਡ ਲੰਗੜੋਆ, ਰਾਮਰਾਏ ਪੁਰ, ਈਸਟ ਬੇਂਈਂ ਤੇ ਭੀਣ, ਬਲਾਕ ਔੜ ਦੇ ਪਿੰਡ ਕਾਹਲੋਂ, ਮਿਰਜਾਪੁਰ, ਭਾਰਟਾ ਕਲਾਂ ਅਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਆਦਿ ਵਿਖੇ ਵੱਖ-ਵੱਖ ਕੰਮਾਂ, ਜਿਵੇਂ ਕਿ ਨਰਸਰੀ, ਪਲਾਂਟੇਸ਼ਨ, ਥਾਪਰ ਮਾਡਲ ਪੌਂਡ, ਆਰਟੀਫਿਸ਼ੀਅਲ ਵਾਟਰ ਰੀਚਾਰਜ ਹਾਰਵੈਸਟਿੰਗ ਸਟਰੱਕਚਰ, ਸੋਕ ਪਿੱਟਜ਼, ਡਾਇਰੈਕਟ ਰਾਈਸ ਸੀਡਿੰਗ, ਸਤਲੁਜ ਦਰਿਆ ’ਤੇ ਹੜ ਰੋਕੂ ਕੰਮ ਅਤੇ ਰੂਫ ਟਾਪ ਰੇਨ ਵਾਟਰ ਹਾਰਵੈਸਟਿੰਗ ਸਟਰੱਕਚਰ ਆਦਿ ਦਾ ਜ਼ਮੀਨੀ ਪੱਧਰ ’ਤੇ ਮੁਆਇਨਾ ਕੀਤਾ ਗਿਆ ਅਤੇ ਇਨਾਂ ਕੰਮਾਂ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਨਾਂ ਉਪਰਾਲਿਆਂ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਵਿਚ ਸਹਾਇਤਾ ਮਿਲੇਗੀ। ਦੌਰੇ ਦੌਰਾਨ ਟੀਮ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਵਰਕਸ ਮੈਨੇਜਰ ਇੰਜ. ਜੋਗਾ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ।

English






