ਮੁੱਖ ਚੋਣ ਅਧਿਕਾਰੀ ਵੱਲੋਂ ਵੋਟਰ ਵਜੋਂ ਰਜਿਸਟਰ ਕਰਨ ਅਤੇ ਵੋਟਰ ਸੂਚੀ ਦੇ ਵੇਰਵਿਆਂ ਵਿੱਚ ਸੁਧਾਈ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ

Dr. S. Karuna Raju, Chief Electoral Officer, Punjab
ਚੰਡੀਗੜ੍ਹ, 19 ਅਗਸਤ:
ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਅਤੇ ਵੋਟਰ ਸੂਚੀ ਦੇ ਵੇਰਵਿਆਂ ਦੀ ਤਸਦੀਕ ਕਰਨ ਦਾ  ਮੌਕਾ ਦਿੰਦਿਆਂ  ਦਫ਼ਤਰ, ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਵੋਟਰ ਸੂਚੀਆਂ ਵਿੱਚ ਸੁਧਾਈ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਅੱਜ ਈ.ਆਰ.ਓਜ਼, ਏ.ਈ.ਆਰ.ਓਜ਼ ਅਤੇ ਚੋਣ ਤਹਿਸੀਲਦਾਰਾਂ ਸਮੇਤ ਸਾਰੇ ਫੀਲਡ ਅਧਿਕਾਰੀਆਂ ਨਾਲ ਵਰਚੁਅਲ (ਗੂਗਲ ਮੀਟ ਜ਼ਰੀਏ) ਮੀਟਿੰਗ ਕੀਤੀ ਗਈ।
ਵੋਟਰ ਸੂਚੀ ਵਿੱਚ ਸੁਧਾਈ ਲਈ ਯੋਗਤਾ ਮਿਤੀ 1 ਜਨਵਰੀ 2021 ਹੈ ਭਾਵ ਜਿਹਨਾਂ ਦੀ ਉਮਰ ਮਿਤੀ 01.01.2021 ਨੂੰ ਜਾਂ ਇਸ ਤੋਂ ਪਹਿਲਾਂ 18 ਸਾਲ ਦੀ ਪੂਰੀ ਹੋ ਚੁੱਕੀ ਹੈ ਜਾਂ ਪੂਰੀ ਹੋਣ ਵਾਲੀ ਹੈ, ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਯੋਗ ਹੋਣਗੇ। ਵੋਟਰ ਸੂਚੀ ਵਿੱਚ ਸੁਧਾਈ ਦੀ ਪ੍ਰਕਿਰਿਆ ਵੋਟਰ ਸੂਚੀ ਦੇ ਪ੍ਰਕਾਸ਼ਨ ਨਾਲ ਸ਼ੁਰੂ ਹੁੰਦੀ ਹੈ। ਸਾਰੇ ਲੌਜ਼ੀਕਲ ਐਡਰੈਸਾਂ, ਡੈਮੋਗ੍ਰਾਫਿਕ ਸਮਾਨ ਐਂਟਰੀਜ਼ (ਡੀਐਸਈਜ਼) ਨੂੰ ਹਟਾਉਣ ਅਤੇ ਪਤੇ ਦੇ ਮਾਨਕੀਕਰਨ, ਫੋਟੋਆਂ ਦੀ ਗੁਣਵੱਤਾ ਦੀ ਜਾਂਚ ਦੇ ਨਾਲ ਨਾਲ ਈ.ਪੀ.ਆਈ.ਸੀ. (ਵੋਟਰ ਕਾਰਡ) ਵਿਚਲੇ ਅੰਤਰਾਂ ਨੂੰ ਦੂਰ ਕਰਨ ਦੀ ਪ੍ਰਕਿਰਿਆ ਵੋਟਰ ਸੂਚੀ ਦੇ ਪ੍ਰਕਾਸ਼ਨ ਹੋਣ ਤੋਂ ਪਹਿਲਾਂ ਪੂਰੀ ਕੀਤੀ ਜਾਂਦੀ ਹੈ।
“ਇਹ ਮੁਹਿੰਮ ਸਾਰੇ ਯੋਗ ਨਾਗਰਿਕਾਂ ਨੂੰ ਵੋਟਰਾਂ ਵਜੋਂ ਰਜਿਸਟਰ ਕਰਨ  ਮੌਕਾ ਪ੍ਰਦਾਨ ਕਰਨ ਤੋਂ ਇਲਾਵਾ, ਵੋਟਰਾਂ ਨੂੰ ਸਵੈ-ਪ੍ਰਮਾਣਿਤ ਅਤੇ ਤਰੁਟੀਆਂ ਨੂੰ ਸਹੀ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ।ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਕਿਹਾ ਕਿ ਕੋਵਿਡ -19 ਕਰਕੇ ਕਈ ਚੁਣੌਤੀਆਂ ਦਰਪੇਸ਼ ਆਈਆਂ ਹਨ ਪਰ ਸਾਨੂੰ ਵਿਸ਼ਵਾਸ ਹੈ ਕਿ ਜ਼ਮੀਨੀ ਪੱਧਰ `ਤੇ ਤਨਦੇਹੀ ਅਤੇ ਸਮਰਪਣ ਨਾਲ ਕੰਮ ਕਰ ਰਹੀ ਸਾਡੀਆਂ ਟੀਮਾਂ ਨਵੀਨਤਮ ਤਕਨਾਲੋਜੀ ਦੀ ਵਰਤੋਂ ਨਾਲ ਇਸ ਕਾਰਜ ਨੂੰ ਨੇਪਰੇ ਚਾੜ੍ਹੇਗੀ।
ਵਧੀਕ ਮੁੱਖ ਚੋਣ ਅਧਿਕਾਰੀ ਮਾਧਵੀ ਕਟਾਰੀਆ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਸ਼ਡਿਊਲ `ਤੇ ਚਾਨਣਾ ਪਾਉਂਦਿਆਂ ਸਾਰੇ ਕਰਮਚਾਰੀਆਂ ਨੂੰ ਨਿਰਧਾਰਤ ਸਮਾਂ-ਸੀਮਾ ਮੁਤਾਬਕ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ।ਇਸ ਤੋਂ ਇਲਾਵਾ ਮਾਧਵੀ ਕਟਾਰੀਆ ਨੇ ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਿਪੇਸ਼ਨ (ਸਵੀਪ) ਦੀ ਚੱਲ ਰਹੀ ਪ੍ਰਕਿਰਿਆ `ਤੇ ਜ਼ੋਰ ਦਿੰਦਿਆਂ ਸਾਰੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪਹਿਲੀ ਵਾਰ ਵੋਟਰ ਵਜੋਂ ਰਜਿਸਟਰ ਕਰਨ ਵਾਲਿਆਂ, ਦਿਵਿਆਂਗ ਵਿਅਕਤੀਆਂ, ਥਰਡ ਜੈਂਡਰ, ਪਰਵਾਸੀ ਕਾਮਿਆਂ ਆਦਿ `ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਵੋਟਰਾਂ ਦੀ ਰਿਕਾਰਡ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ।
ਫੀਲਡ ਅਧਿਕਾਰੀਆਂ ਨੂੰ 31.08.2020 ਤੱਕ ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਨੂੰ 10.09.2020 ਤੱਕ ਨਿਪਟਾਉਣ ਅਤੇ ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ (ਪ੍ਰਤੀ ਪੋਲਿੰਗ ਸਟੇਸ਼ਨ `ਤੇ ਵੋਟਰਾਂ ਦੀ ਗਿਣਤੀ 1500 ਤੋਂ ਘਟਾ ਕਰੇ 1000 ਕਰਨ ) ਕਰਨ ਦੀ ਪ੍ਰਕਿਰਿਆ 15.12.2020 ਤੱਕ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ।
ਯੋਗ ਨਾਗਰਿਕ ਆਪਣੀ ਰਜਿਸਟ੍ਰੇਸ਼ਨ www.nvsp.in `ਤੇ ਕਰ ਸਕਦੇ ਹਨ ਜਾਂ ਵੋਟਰ ਹੈਲਪਲਾਈਨ ਐਪ ਜ਼ਰੀਏ ਅਪਲਾਈ ਕਰ ਸਕਦੇ ਹਨ। ਅੰਤਮ ਵੋਟਰ ਸੂਚੀ 15.01.2021 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।